ਤਾਜਾ ਖਬਰਾਂ
ਭਾਰਤੀ ਖੁਫੀਆ ਏਜੰਸੀਆਂ ਨੇ ਸਰਹੱਦ ਪਾਰ ਤੋਂ ਇੱਕ ਬੇਹੱਦ ਚਿੰਤਾਜਨਕ ਰਿਪੋਰਟ ਸਾਂਝੀ ਕੀਤੀ ਹੈ। 'ਆਪ੍ਰੇਸ਼ਨ ਸਿੰਦੂਰ' ਕਾਰਨ ਕਮਜ਼ੋਰ ਹੋ ਚੁੱਕੇ ਦੋ ਖ਼ਤਰਨਾਕ ਅੱਤਵਾਦੀ ਸੰਗਠਨ, ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ, ਹੁਣ ਭਾਰਤ ਵਿਰੁੱਧ ਇੱਕ ਨਵਾਂ ਗਠਜੋੜ ਬਣਾਉਣ ਦੀ ਤਿਆਰੀ ਵਿੱਚ ਹਨ। ਖੁਫੀਆ ਸੂਤਰਾਂ ਅਨੁਸਾਰ, ਲਸ਼ਕਰ ਦੇ ਚੋਟੀ ਦੇ ਕਮਾਂਡਰਾਂ ਨੂੰ ਜੈਸ਼-ਏ-ਮੁਹੰਮਦ ਦੇ ਗੜ੍ਹ ਮੰਨੇ ਜਾਂਦੇ ਬਹਾਵਲਪੁਰ ਵਿੱਚ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਸੁਰੱਖਿਆ ਬਲ ਹਾਈ ਅਲਰਟ 'ਤੇ ਹਨ।
ਬਹਾਵਲਪੁਰ ਦੇ ਮਦਰੱਸੇ ਵਿੱਚ ਹੋਈ ਗੁਪਤ ਮੀਟਿੰਗ ਮੰਗਲਵਾਰ ਨੂੰ ਬਹਾਵਲਪੁਰ ਦੇ ਇੱਕ ਵੱਡੇ ਮਦਰੱਸੇ ਵਿੱਚ ਲਸ਼ਕਰ ਅਤੇ ਜੈਸ਼ ਦੇ ਆਕਾਵਾਂ ਵਿਚਕਾਰ ਇੱਕ ਅਹਿਮ ਮੀਟਿੰਗ ਹੋਈ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਹਾਫਿਜ਼ ਸਈਦ ਦਾ ਪੁੱਤਰ ਤਲਹਾ ਸਈਦ, ਲਸ਼ਕਰ ਦਾ ਡਿਪਟੀ ਚੀਫ਼ ਸੈਫ਼ੁੱਲਾ ਕਸੂਰੀ ਅਤੇ ਅਬਦੁਲ ਰਊਫ਼ ਸ਼ਾਮਲ ਸਨ। ਏਜੰਸੀਆਂ ਨੂੰ ਖਦਸ਼ਾ ਹੈ ਕਿ ਇਹ ਸੰਗਠਨ ਮਿਲ ਕੇ ਭਾਰਤ ਵਿੱਚ ਕਿਸੇ ਵੱਡੇ ਆਈ.ਈ.ਡੀ. (IED) ਹਮਲੇ ਦੀ ਵਿਉਂਤਬੰਦੀ ਕਰ ਰਹੇ ਹਨ। ਜੈਸ਼-ਏ-ਮੁਹੰਮਦ ਦੇ ਅਲ-ਕਾਇਦਾ ਅਤੇ ਤਾਲਿਬਾਨ ਵਰਗੇ ਸੰਗਠਨਾਂ ਨਾਲ ਮਜ਼ਬੂਤ ਸਬੰਧ ਇਸ ਖ਼ਤਰੇ ਨੂੰ ਹੋਰ ਵੀ ਗੰਭੀਰ ਬਣਾਉਂਦੇ ਹਨ।
ਘੁਸਪੈਠ ਦੀ ਫਿਰਾਕ 'ਚ ਅੱਤਵਾਦੀ ਕਮਾਂਡਰ ਰਿਪੋਰਟਾਂ ਮੁਤਾਬਕ ਜੈਸ਼ ਦੇ ਕਮਾਂਡਰ ਮੁਹੰਮਦ ਮੁਸਾਦਿਕ ਅਤੇ ਮਸੂਦ ਕਸ਼ਮੀਰੀ ਸਰਹੱਦ ਪਾਰ ਤੋਂ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਵਿੱਚ ਹਨ। ਦੂਜੇ ਪਾਸੇ, ਅਬੂ ਮੁਹੰਮਦ ਉਰਫ਼ ਮਸੂਦ ਇਲਿਆਸ ਪਾਕਿਸਤਾਨੀ ਨੌਜਵਾਨਾਂ ਨੂੰ ਭਰਮਾ ਕੇ ਅੱਤਵਾਦੀ ਕੈਂਪਾਂ ਵਿੱਚ ਸਿਖਲਾਈ ਲਈ ਭੇਜ ਰਿਹਾ ਹੈ। ਏਜੰਸੀਆਂ ਦਾ ਮੰਨਣਾ ਹੈ ਕਿ ਜੈਸ਼ ਮੁਖੀ ਮਸੂਦ ਅਜ਼ਹਰ ਅਤੇ ਰਊਫ਼ ਅਸਗਰ ਭਾਰਤ ਵਿੱਚ ਨਵੇਂ ਅੱਤਵਾਦੀ ਓਪਰੇਸ਼ਨਾਂ ਦੀ ਸਿੱਧੀ ਨਿਗਰਾਨੀ ਕਰ ਰਹੇ ਹਨ।
ਲਸ਼ਕਰ ਕਮਾਂਡਰ ਦੀ ਨਫ਼ਰਤ ਭਰੀ ਵੀਡੀਓ ਵਾਇਰਲ ਇਸੇ ਦੌਰਾਨ ਲਸ਼ਕਰ ਕਮਾਂਡਰ ਅਬੂ ਮੂਸਾ ਕਸ਼ਮੀਰੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਕੰਟਰੋਲ ਰੇਖਾ (LoC) ਦੇ ਨਜ਼ਦੀਕ ਤਾਤਰੀਨੋਟ ਖੇਤਰ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਮੂਸਾ ਖੁੱਲ੍ਹੇਆਮ ਹਿੰਸਾ ਭੜਕਾਉਂਦਾ ਅਤੇ ਨਫ਼ਰਤ ਫੈਲਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੇ ਭਾਸ਼ਣ ਵਿੱਚ ਕਸ਼ਮੀਰ ਮੁੱਦੇ ਨੂੰ 'ਜੇਹਾਦ' ਰਾਹੀਂ ਹੱਲ ਕਰਨ ਦੀ ਗੱਲ ਕਹੀ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਸਰਹੱਦ 'ਤੇ ਨਿਗਰਾਨੀ ਵਧਾ ਦਿੱਤੀ ਹੈ ਤਾਂ ਜੋ ਕਿਸੇ ਵੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਸਕੇ।
Get all latest content delivered to your email a few times a month.