ਤਾਜਾ ਖਬਰਾਂ
ਤਿਰੂਵਨੰਤਪੁਰਮ: ਕੇਰਲ ਦੇ ਵਿਸ਼ਵ ਪ੍ਰਸਿੱਧ ਸਬਰੀਮਾਲਾ ਮੰਦਰ ਵਿੱਚ ਸੋਨੇ ਦੀ ਲੁੱਟ ਤੋਂ ਬਾਅਦ ਹੁਣ ਪ੍ਰਸਾਦ ਵਜੋਂ ਵਰਤੇ ਜਾਣ ਵਾਲੇ ਘਿਓ ਵਿੱਚ ਵੱਡੇ ਘੁਟਾਲੇ ਦਾ ਮਾਮਲਾ ਗਰਮਾ ਗਿਆ ਹੈ। ਕੇਰਲ ਹਾਈਕੋਰਟ ਨੇ ਮੰਦਰ ਵਿੱਚ ਘਿਓ ਦੀ ਵਿਕਰੀ ਦੌਰਾਨ ਹੋਈ ਲੱਖਾਂ ਰੁਪਏ ਦੀ ਹੇਰਾਫੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਰਾਜ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਵਿਭਾਗ ਨੂੰ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਏਜੰਸੀਆਂ ਨੂੰ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਦੋ ਮਹੀਨਿਆਂ 'ਚ ਲੱਖਾਂ ਦੀ ਹੇਰਾਫੇਰੀ ਜਾਂਚ ਰਿਪੋਰਟ ਅਨੁਸਾਰ 17 ਨਵੰਬਰ ਤੋਂ 26 ਦਸੰਬਰ 2025 ਦਰਮਿਆਨ ਮੰਦਰ ਦੇ ਕਾਊਂਟਰਾਂ ਤੋਂ ਵਿਕਣ ਵਾਲੇ ਘਿਓ ਦੇ ਪੈਕੇਟਾਂ ਦੀ ਰਕਮ ਵਿੱਚ ਵੱਡਾ ਅੰਤਰ ਪਾਇਆ ਗਿਆ ਹੈ। ਰਿਕਾਰਡ ਮੁਤਾਬਕ 89,129 ਪੈਕੇਟਾਂ ਦੀ ਵਿਕਰੀ ਹੋਈ ਸੀ, ਪਰ ਬੋਰਡ ਦੇ ਖਾਤੇ ਵਿੱਚ ਸਿਰਫ਼ 75,450 ਪੈਕੇਟਾਂ ਦੀ ਰਕਮ ਹੀ ਜਮ੍ਹਾ ਕਰਵਾਈ ਗਈ। ਇਸ ਤਰ੍ਹਾਂ ਕਰੀਬ 13.67 ਲੱਖ ਰੁਪਏ ਦਾ ਸਿੱਧਾ ਗਬਨ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਤ੍ਰਾਵਣਕੋਰ ਦੇਵਸਵੋਮ ਬੋਰਡ (TDB) ਨੇ ਕਾਊਂਟਰ ਇੰਚਾਰਜ ਸੁਨੀਲ ਪੋਟੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਕਿਵੇਂ ਚੱਲ ਰਿਹਾ ਸੀ ਖੇਡ? ਭਗਵਾਨ ਅਯੱਪਾ ਦੇ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਘਿਓ ਨੂੰ 100 ਮਿਲੀਲੀਟਰ ਦੇ ਪੈਕੇਟਾਂ ਵਿੱਚ ਪੈਕ ਕਰਕੇ 'ਆਥੀਆ ਸਿਸਟਮ' ਪ੍ਰਸਾਦ ਵਜੋਂ 100 ਰੁਪਏ ਪ੍ਰਤੀ ਪੈਕੇਟ ਵੇਚਿਆ ਜਾਂਦਾ ਹੈ। ਵਿਜੀਲੈਂਸ ਅਧਿਕਾਰੀਆਂ ਨੂੰ ਭਿਣਕ ਲੱਗੀ ਸੀ ਕਿ ਵਿਕਰੀ ਦੀ ਆੜ ਵਿੱਚ ਰਸੀਦਾਂ ਅਤੇ ਸਟਾਕ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਹੋਈ ਇੰਨੀ ਵੱਡੀ ਹੇਰਾਫੇਰੀ ਨੂੰ ਮਹਿਜ਼ 'ਅਕਾਊਂਟਿੰਗ ਦੀ ਗ਼ਲਤੀ' ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ।
ਸੁਰੱਖਿਆ ਅਤੇ ਪ੍ਰਬੰਧਾਂ 'ਤੇ ਸਵਾਲ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਮੰਦਰ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਵੱਲੋਂ ਦਿੱਤੇ ਦਾਨ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਦਾਲਤ ਨੇ ਵਿਜੀਲੈਂਸ ਕਮਿਸ਼ਨਰ ਦੀ ਰਿਪੋਰਟ ਦਾ ਸੰਗਿਆਨ ਲੈਂਦਿਆਂ ਇਸ ਪੂਰੇ ਰੈਕੇਟ ਦੀ ਤਹਿ ਤੱਕ ਜਾਣ ਅਤੇ ਇਸ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
Get all latest content delivered to your email a few times a month.