ਤਾਜਾ ਖਬਰਾਂ
ਥਾਈਲੈਂਡ ਦੇ ਉੱਤਰ-ਪੂਰਬੀ ਹਿੱਸੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਰਾਜਧਾਨੀ ਬੈਂਕਾਕ ਤੋਂ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵੱਲ ਜਾ ਰਹੀ ਇੱਕ ਰੇਲਗੱਡੀ ਉਸ ਸਮੇਂ ਪਟੜੀ ਤੋਂ ਉਤਰ ਗਈ, ਜਦੋਂ ਇੱਕ ਨਿਰਮਾਣ ਅਧੀਨ (ਕੰਸਟ੍ਰਕਸ਼ਨ) ਕਰੇਨ ਉਸ ਦੇ ਇੱਕ ਡੱਬੇ 'ਤੇ ਡਿੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚੋਂ 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਬੁੱਧਵਾਰ ਸਵੇਰੇ ਬੈਂਕਾਕ ਤੋਂ 230 ਕਿਲੋਮੀਟਰ (143 ਮੀਲ) ਉੱਤਰ-ਪੂਰਬ ਵਿੱਚ, ਨਾਖੋਨ ਰਤਚਾਸਿਮਾ ਸੂਬੇ ਦੇ ਸਿਖੀਓ ਜ਼ਿਲ੍ਹੇ ਵਿੱਚ ਵਾਪਰਿਆ। ਰੇਲਗੱਡੀ ਉਬੋਨ ਰਤਚਾਥਾਨੀ ਸੂਬੇ ਵੱਲ ਜਾ ਰਹੀ ਸੀ।
ਹਾਦਸੇ ਬਾਰੇ ਪੁਲਿਸ ਨੇ ਦੱਸਿਆ ਕਿ ਹਾਈ-ਸਪੀਡ ਰੇਲ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਸੀ। ਕੰਮ ਦੌਰਾਨ ਇੱਕ ਕਰੇਨ ਰੇਲ ਦੇ ਡੱਬੇ 'ਤੇ ਜਾ ਡਿੱਗੀ। ਜਿਸ ਵੇਲੇ ਕਰੇਨ ਡਿੱਗੀ, ਉਸ ਸਮੇਂ ਰੇਲਗੱਡੀ ਉੱਥੋਂ ਗੁਜ਼ਰ ਰਹੀ ਸੀ। ਕਰੇਨ ਦੀ ਟੱਕਰ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਉਸ ਨੂੰ ਕੁਝ ਸਮੇਂ ਲਈ ਅੱਗ ਵੀ ਲੱਗ ਗਈ। ਪੁਲਿਸ ਅਨੁਸਾਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਬਚਾਅ ਕਾਰਜ ਜਾਰੀ ਹਨ।
ਕਰੇਨ ਅਤੇ ਰੇਲ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲ ਦੀ ਛੱਤ ਅੰਦਰ ਨੂੰ ਧਸ ਗਈ, ਖਿੜਕੀਆਂ ਟੁੱਟ ਗਈਆਂ ਅਤੇ ਲੋਹੇ ਦਾ ਢਾਂਚਾ ਬੁਰੀ ਤਰ੍ਹਾਂ ਮੁੜ ਗਿਆ। ਕਈ ਮੁਸਾਫਰ ਮਲਬੇ ਵਿੱਚ ਫਸ ਗਏ। ਮੈਡੀਕਲ ਟੀਮਾਂ ਅਤੇ ਬਚਾਅ ਕਰਮੀ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਆਪ੍ਰੇਸ਼ਨ ਕਾਫੀ ਮੁਸ਼ਕਲ ਹੈ ਕਿਉਂਕਿ ਕਰੇਨ ਅਤੇ ਟ੍ਰੇਨ ਆਪਸ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ।
ਥਾਈਲੈਂਡ ਰੇਲਵੇ ਦਾ ਬਿਆਨ: ਹਾਦਸੇ ਤੋਂ ਬਾਅਦ ਥਾਈਲੈਂਡ ਰੇਲਵੇ ਨੇ ਦੱਸਿਆ ਕਿ ਸੀਟਿੰਗ ਪਲਾਨ ਦੇ ਹਿਸਾਬ ਨਾਲ ਜਿਸ ਰੇਲਗੱਡੀ 'ਤੇ ਕਰੇਨ ਡਿੱਗੀ, ਉਸ ਵਿੱਚ 195 ਲੋਕ ਸਵਾਰ ਸਨ। ਹਾਲਾਂਕਿ, ਅਸਲ ਗਿਣਤੀ ਇਸ ਤੋਂ ਵੱਖਰੀ ਹੋ ਸਕਦੀ ਹੈ। ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਥਾਈਲੈਂਡ ਵਿੱਚ ਉਦਯੋਗਿਕ ਅਤੇ ਉਸਾਰੀ ਵਾਲੀਆਂ ਥਾਵਾਂ 'ਤੇ ਹਾਦਸੇ ਲੰਬੇ ਸਮੇਂ ਤੋਂ ਆਮ ਹਨ, ਜਿੱਥੇ ਸੁਰੱਖਿਆ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਅਕਸਰ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ।
Get all latest content delivered to your email a few times a month.