ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਮਾਲਵਾ ਖਿੱਤੇ ਵਿੱਚ ਇੱਕ ਵੱਡੀ ਅਤੇ ਪ੍ਰਮੁੱਖ ਸਿਆਸੀ ਤਾਕਤ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਦਾ ਪਰਿਣਾਮ ਹਨ।
ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਸਰਦਾਰ ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਜੜ੍ਹਾਂ ਤੋਂ ਹੋਰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਇਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਵਰਕਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਣ ਵਾਲੀ ਮਾਘੀ ਦੀ ਰਵਾਇਤੀ ਸਿਆਸੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕਾਨਫਰੰਸ 2027 ਦੀਆਂ ਚੋਣਾਂ ਲਈ ਅਕਾਲੀ ਦਲ ਦਾ ਚੋਣ ਬਿਗਲ ਸਾਬਤ ਹੋਵੇਗੀ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਮਾਲਵਾ ਖਿੱਤੇ ਵਿੱਚ ਕਾਂਗਰਸ ਤੀਜੇ ਨੰਬਰ ’ਤੇ ਰਹੀ ਹੈ, ਇੱਥੋਂ ਤੱਕ ਕਿ ਗਿੱਦੜਬਾਹਾ ਵਰਗੇ ਹਲਕੇ ਵਿੱਚ ਵੀ, ਜਿੱਥੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਚੋਣਾਂ ਲੜਦੇ ਹਨ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਾਫ਼ ਦਰਸਾਉਂਦੇ ਹਨ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਨਾਲ ਖੜ੍ਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੀ ਵਾਗਡੋਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਲੇ ਕਰ ਦਿੱਤੀ ਹੈ, ਜੋ ਉਨ੍ਹਾਂ ਦੇ ਮਤਾਬਕ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਪੰਜਾਬ ਦੇ ਸਰੋਤਾਂ ਨੂੰ ਆਪਣੇ ਸਿਆਸੀ ਲਾਭ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਦੀ ਕੁਰਸੀ ਅਤੇ ਪੰਜਾਬ ਦੇ ਸਵੈਮਾਨ ਦੋਵਾਂ ਦਾ ਅਪਮਾਨ ਹੋਇਆ ਹੈ।
ਪੰਚਾਇਤੀ ਚੋਣਾਂ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਡਰਾਉਣ ਲਈ ਪੁਲਿਸ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜਿਹੜੀਆਂ ਜਿੱਤਾਂ ਦਬਾਅ ਅਤੇ ਤਾਕਤ ਦੇ ਜ਼ੋਰ ’ਤੇ ਹਾਸਲ ਕੀਤੀਆਂ ਜਾਣ, ਉਹਨਾਂ ਦੀ ਕੋਈ ਲੋਕਤਾਂਤਰਿਕ ਮਹੱਤਤਾ ਨਹੀਂ ਹੁੰਦੀ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਸਮਝ ਗਏ ਹਨ ਕਿ ਅਕਾਲੀ ਦਲ ਹੀ ਪੰਜਾਬ ਦੀਆਂ ਖੇਤਰੀ ਇੱਛਾਵਾਂ ਦੀ ਸਹੀ ਤਰਜਮਾਨੀ ਕਰਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਤਜ਼ਰਬਿਆਂ ਤੋਂ ਬਾਅਦ ਪੰਜਾਬ ਦੇ ਲੋਕ ਹੋਰ ਸਿਆਸੀ ਤਜ਼ਰਬੇ ਕਰਨ ਦੇ ਮੂਡ ਵਿੱਚ ਨਹੀਂ ਹਨ ਅਤੇ ਹੁਣ ਦਿਲੋਂ ਅਕਾਲੀ ਦਲ ਦਾ ਸਾਥ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਕੋਲ ਪੰਜਾਬ ਦੇ ਸਰਬਾਂਗੀ ਵਿਕਾਸ ਲਈ ਪੂਰਾ ਰੋਡਮੈਪ ਤਿਆਰ ਹੈ ਅਤੇ ਪਾਰਟੀ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਔਰਤਾਂ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵਧੇਗੀ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਜਿਹੜੇ ਲੋਕਾਂ ਨੇ ਭ੍ਰਿਸ਼ਟਾਚਾਰ, ਘੁਟਾਲਿਆਂ ਅਤੇ ਗਲਤ ਨੀਤੀਆਂ ਰਾਹੀਂ ਪੰਜਾਬ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ, ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ।
ਸ੍ਰੀ ਮੁਕਤਸਰ ਸਾਹਿਬ ਵਿੱਚ ਹੋਈ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਨਜਿੰਦਰ ਸਿੰਘ ਬਿੱਟੂ, ਹਨੀ ਫੱਤਣਵਾਲਾ, ਬੌਬੀ ਮਾਨ ਅਤੇ ਹੀਰਾ ਸਿੰਘ ਚਰੇਵਾਲ ਹਾਜ਼ਰ ਰਹੇ। ਮਲੋਟ ਵਿੱਚ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਬਸੰਤ ਸਿੰਘ ਕੰਗ, ਜਦਕਿ ਗਿੱਦੜਬਾਹਾ ਵਿੱਚ ਗੁਰਮੀਤ ਮਾਨ, ਨਵਤੇਜ ਕਾਉਣੀ, ਗੁਰਦਿਆਲ ਕੌਰ ਮੱਲਣ, ਚਰਨਜੀਤ ਸਿੰਘ ਭੂੰਦੜ ਅਤੇ ਗੁਰਵਿੰਦਰ ਸਿੰਘ ਦੀ ਹਾਜ਼ਰੀ ਰਹੀ।
Get all latest content delivered to your email a few times a month.