ਤਾਜਾ ਖਬਰਾਂ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਤੋਂ ਮਨ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗਰੀਬੀ ਅਤੇ ਲੰਮੇ ਸਮੇਂ ਤੋਂ ਨੌਕਰੀ ਨਾ ਮਿਲਣ ਦੀ ਪਰੇਸ਼ਾਨੀ ਨੇ ਇੱਕ ਨੌਜਵਾਨ ਪਿਤਾ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਸ ਨੇ ਆਪਣੀਆਂ ਦੋ ਨਿੱਕੀਆਂ ਧੀਆਂ ਸਮੇਤ ਆਪਣੀ ਜ਼ਿੰਦਗੀ ਖਤਮ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕਾਫ਼ੀ ਸਮੇਂ ਤੋਂ ਰੁਜ਼ਗਾਰ ਦੀ ਤਲਾਸ਼ ‘ਚ ਸੀ, ਪਰ ਨੌਕਰੀ ਨਾ ਮਿਲਣ ਕਾਰਨ ਉਹ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਘਟਨਾ ਵਾਲੇ ਦਿਨ ਉਹ ਸਵੇਰੇ ਆਪਣੀ ਪਤਨੀ ਕੁਲਦੀਪ ਕੌਰ ਨੂੰ ਅਟਾਰੀ ਵਿਖੇ ਕੰਮ ‘ਤੇ ਛੱਡ ਕੇ ਘਰ ਪਰਤ ਆਇਆ।
ਘਰ ਆ ਕੇ ਲਵਪ੍ਰੀਤ ਸਿੰਘ ਨੇ ਪਹਿਲਾਂ ਖੁਦ ਜਹਿਰੀਲੀ ਦਵਾਈ ਪੀ ਲਈ ਅਤੇ ਫਿਰ ਆਪਣੀਆਂ ਦੋ ਮਾਸੂਮ ਧੀਆਂ—ਜਸਪ੍ਰੀਤ ਕੌਰ (8 ਸਾਲ) ਅਤੇ ਵੀਰਪਾਲ ਕੌਰ (6 ਸਾਲ)—ਨੂੰ ਵੀ ਉਹੀ ਦਵਾਈ ਪਿਲਾ ਦਿੱਤੀ। ਕੁਝ ਸਮੇਂ ਬਾਅਦ ਜਦੋਂ ਬੱਚੀਆਂ ਦੀ ਹਾਲਤ ਗੰਭੀਰ ਹੋ ਗਈ, ਤਾਂ ਪਰਿਵਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਇਸ ਦੁਖਦਾਈ ਘਟਨਾ ਦੌਰਾਨ ਲਵਪ੍ਰੀਤ ਸਿੰਘ ਦਾ ਛੋਟਾ ਪੁੱਤਰ ਸੁਰੱਖਿਅਤ ਬਚ ਗਿਆ। ਵਾਰਦਾਤ ਦੀ ਖ਼ਬਰ ਮਿਲਦੇ ਹੀ ਪਿੰਡ ਸ਼ਹੂਰਾ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਹਰ ਕੋਈ ਇਸ ਦਰਦਨਾਕ ਘਟਨਾ ਤੋਂ ਸਦਮੇ ਵਿੱਚ ਹੈ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ 174 ਸੀਆਰਪੀਸੀ ਅਧੀਨ ਕਾਰਵਾਈ ਅਮਲ ਵਿੱਚ ਲਿਆਈ ਗਈ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪੱਖਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.