IMG-LOGO
ਹੋਮ ਪੰਜਾਬ: ED ਦੇ ਗਵਾਹ ਨੂੰ ਖਤਮ ਕਰਨ ਲਈ ਡ੍ਰੋਨ ਰਾਹੀਂ ਹਮਲੇ...

ED ਦੇ ਗਵਾਹ ਨੂੰ ਖਤਮ ਕਰਨ ਲਈ ਡ੍ਰੋਨ ਰਾਹੀਂ ਹਮਲੇ ਦੀ ਕੋਸ਼ਿਸ਼, ‘ਮਾਈਨਿੰਗ ਕਿੰਗ’ ਅਮਨ ਰਾਣਾ ਖ਼ਿਲਾਫ਼ FIR ਦਰਜ

Admin User - Jan 04, 2026 08:17 PM
IMG

ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਨਾਲ ਜੁੜੇ ਇੱਕ ਅਹਿਮ ਮੁਖ਼ਬਰ/ਗਵਾਹ ਨੂੰ ਮਾਰਨ ਦੀ ਕੋਸ਼ਿਸ਼ ਦਾ ਇੱਕ ਸਨਸਨੀਖੇਜ਼ ਅਤੇ ਅਧੁਨਿਕ ਤਕਨੀਕ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਪੁਲਿਸ ਨੇ ਪਿੰਡ ਨਾਨਗਰਾਂ ਦੇ ਰਹਿਣ ਵਾਲੇ ਸੰਦੀਪ ਕੁਮਾਰ ਰਾਣਾ ਪੁੱਤਰ ਮੋਹਣ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ‘ਮਾਈਨਿੰਗ ਕਿੰਗ’ ਵਜੋਂ ਜਾਣੇ ਜਾਂਦੇ ਬਲਜਿੰਦਰ ਸਿੰਘ ਉਰਫ਼ ਅਮਨ ਅਤੇ ਉਸ ਦੇ ਕਈ ਸਾਥੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ FIR ਦਰਜ ਕੀਤੀ ਹੈ।

ਸ਼ਿਕਾਇਤ ਅਨੁਸਾਰ, ਬਲਜਿੰਦਰ ਸਿੰਘ ਨੇ ਸੰਦੀਪ ਕੁਮਾਰ ਨੂੰ ਖ਼ਤਮ ਕਰਨ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਈ ਹੋਈ ਸੀ। ਦੋਸ਼ ਹੈ ਕਿ ਮੁਲਜ਼ਮਾਂ ਨੇ ਇੱਕ ਇਨੋਵਾ ਗੱਡੀ ਵਿੱਚ ਆ ਕੇ ਡ੍ਰੋਨ ਦੀ ਮਦਦ ਨਾਲ ਸੰਦੀਪ ਦੇ ਘਰ ਦੀ ਰੇਕੀ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘਰ ਵਿੱਚ ਉਹ ਅਤੇ ਉਸ ਦਾ ਪਰਿਵਾਰ ਮੌਜੂਦ ਹੈ ਜਾਂ ਨਹੀਂ। ਇਸ ਤੋਂ ਬਾਅਦ ਬਲਜਿੰਦਰ ਸਿੰਘ ਵੱਲੋਂ ਸੰਦੀਪ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਗੋਲੀਆਂ ਚਲਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ।

ਸੰਦੀਪ ਰਾਣਾ ਨੇ ਪੁਲਿਸ ਨੂੰ ਦੱਸਿਆ ਕਿ ਇਹ ਪੂਰਾ ਹਮਲਾ ਉਸ ਦੀ ਉਸ ਭੂਮਿਕਾ ਕਾਰਨ ਕੀਤਾ ਗਿਆ, ਜਿਸ ਤਹਿਤ ਉਸ ਨੇ ਬਲਜਿੰਦਰ ਸਿੰਘ ਦੀਆਂ ਗੈਰ-ਕਾਨੂੰਨੀ ਮਾਈਨਿੰਗ ਅਤੇ ਹੋਰ ਅਪਰਾਧਿਕ ਸਰਗਰਮੀਆਂ ਬਾਰੇ ਇਨਫੋਰਸਮੈਂਟ ਡਾਇਰੈਕਟੋਰੇਟ, ਜਲੰਧਰ ਨੂੰ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਸੀ। ਇਸ ਜਾਣਕਾਰੀ ਦੇ ਆਧਾਰ ’ਤੇ ਹੀ ED ਵੱਲੋਂ ਬਲਜਿੰਦਰ ਸਿੰਘ ਦੀਆਂ ਕਰੋੜਾਂ ਰੁਪਏ ਦੀਆਂ ਚੱਲ ਅਤੇ ਅਚੱਲ ਸੰਪਤੀਆਂ ਨੂੰ ਕੁਰਕ ਕੀਤਾ ਗਿਆ ਸੀ।

ED ਦੇ ਪ੍ਰੈੱਸ ਬਿਆਨ ਮੁਤਾਬਿਕ, ਬਲਜਿੰਦਰ ਸਿੰਘ ਉਰਫ਼ ਅਮਨ ’ਤੇ ਪਹਿਲਾਂ ਹੀ ਲਗਭਗ 15 ਅਪਰਾਧਿਕ ਕੇਸ ਦਰਜ ਹਨ। ਇੱਥੋਂ ਤੱਕ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਥਾਣਾ ਦੇਹਲੋਂ ਵਿੱਚ ED ਦੇ ਇੱਕ ਹੋਰ ਗਵਾਹ ਗੁਰਮੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਉਸ ਦੇ ਖ਼ਿਲਾਫ਼ ਦਰਜ ਹੋ ਚੁੱਕਾ ਹੈ, ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਗਵਾਹਾਂ ਨੂੰ ਡਰਾਉਣ ਅਤੇ ਖ਼ਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਆ ਰਿਹਾ ਹੈ।

ਰੂਪਨਗਰ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 223, 332, 351(2) ਅਤੇ 3(5) ਹੇਠ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਮਲੇ ਵਿੱਚ ਵਰਤੇ ਗਏ ਇੱਕ ਡ੍ਰੋਨ ਨੂੰ ਵੀ ਬਰਾਮਦ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.