ਤਾਜਾ ਖਬਰਾਂ
ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਦੇ ਨੇੜੇ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸ਼ਰਾਬ ਦੇ ਠੇਕੇਦਾਰ ਤੋਂ ਨਕਦੀ ਲੁੱਟਣ ਦੀ ਕੋਸ਼ਿਸ਼ ਦੌਰਾਨ ਸੇਲਸਮੈਨ ਨੂੰ ਗੋਲੀ ਮਾਰ ਦਿੱਤੀ ਗਈ। ਜਾਣਕਾਰੀ ਮੁਤਾਬਕ, ਸੇਲਸਮੈਨ ਠੇਕਿਆਂ ਤੋਂ ਰੋਜ਼ਾਨਾ ਦੀ ਨਕਦੀ ਇਕੱਠੀ ਕਰ ਰਿਹਾ ਸੀ ਕਿ ਅਚਾਨਕ ਚਾਰ ਤੋਂ ਪੰਜ ਅਣਪਛਾਤੇ ਵਿਅਕਤੀ ਬੰਦੂਕਾਂ ਨਾਲ ਲੈਸ ਹੋ ਕੇ ਉਸ ਦੇ ਸਾਹਮਣੇ ਆ ਗਏ।
ਆਰੋਪੀਆਂ ਨੇ ਸੇਲਸਮੈਨ ਨੂੰ ਡਰਾਧਮਕਾ ਕੇ ਪੈਸਿਆਂ ਦੀ ਮੰਗ ਕੀਤੀ, ਪਰ ਜਦੋਂ ਉਸ ਨੇ ਨਕਦੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਇੱਕ ਹਮਲਾਵਰ ਨੇ ਗੁੱਸੇ ਵਿੱਚ ਆ ਕੇ ਉਸ ਦੇ ਗਲੇ ’ਚ ਗੋਲੀ ਚਲਾ ਦਿੱਤੀ। ਗੋਲੀ ਗਲੇ ਵਿਚੋਂ ਆਰ-ਪਾਰ ਹੋ ਗਈ, ਜਿਸ ਨਾਲ ਸੇਲਸਮੈਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਘਟਨਾ ਤੋਂ ਤੁਰੰਤ ਬਾਅਦ ਜ਼ਖ਼ਮੀ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਹਿਚਾਣ ਰਮਨਦੀਪ ਸਿੰਘ ਭੁੱਲਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸਾਰੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Get all latest content delivered to your email a few times a month.