ਤਾਜਾ ਖਬਰਾਂ
ਬਾਲੀਵੁੱਡ ਫਿਲਮ ‘ਹਿੰਦੀ ਮੀਡੀਅਮ’ ਰਾਹੀਂ ਭਾਰਤ ਵਿੱਚ ਵੀ ਪਛਾਣ ਬਣਾਉਣ ਵਾਲੀ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਇਕ ਵਾਰ ਫਿਰ ਕਾਨੂੰਨੀ ਮੁਸ਼ਕਲਾਂ ਵਿੱਚ ਘਿਰ ਗਈ ਹੈ। ਇਸ ਵਾਰ ਮਾਮਲਾ ਪੁਲਿਸ ਦੀ ਵਰਦੀ ਪਹਿਨ ਕੇ ਵੀਡੀਓ ਬਣਾਉਣ ਨਾਲ ਜੁੜਿਆ ਹੋਇਆ ਹੈ। ਦੋਸ਼ ਲਗਾਇਆ ਗਿਆ ਹੈ ਕਿ ਸਬਾ ਕਮਰ ਨੇ ਬਿਨਾਂ ਅਧਿਕਾਰਿਕ ਮਨਜ਼ੂਰੀ ਦੇ ਪੁਲਿਸ ਸੁਪਰਡੈਂਟ (ਐਸਪੀ) ਦੀ ਵਰਦੀ ਪਹਿਨੀ, ਜੋ ਕਿ ਕਾਨੂੰਨ ਦੇ ਖ਼ਿਲਾਫ਼ ਹੈ।
ਇਸ ਸਬੰਧ ਵਿੱਚ ਵਸੀਮ ਜਵਾਰ ਨਾਮਕ ਵਿਅਕਤੀ ਵੱਲੋਂ ਲਾਹੌਰ ਦੀ ਸੈਸ਼ਨ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਨਾਲ ਪੰਜਾਬ ਪੁਲਿਸ ਦੀ ਇੱਜ਼ਤ ਅਤੇ ਮਨੋਬਲ ਨੂੰ ਠੇਸ ਪਹੁੰਚੀ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਵਰਦੀ ਦੀ ਗਲਤ ਵਰਤੋਂ ਕਾਨੂੰਨੀ ਅਪਰਾਧ ਹੈ ਅਤੇ ਇਸ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰੇ। ਅਦਾਲਤ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਵੀਡੀਓ ਬਣਾਉਣ ਲਈ ਕੋਈ ਅਧਿਕਾਰਿਕ ਇਜਾਜ਼ਤ ਲਈ ਗਈ ਸੀ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸਬਾ ਕਮਰ ਵਿਵਾਦਾਂ ‘ਚ ਆਈ ਹੋਵੇ। ਇਸ ਤੋਂ ਪਹਿਲਾਂ ਵੀ ਲਾਹੌਰ ਦੀ ਇਤਿਹਾਸਕ ਵਜ਼ੀਰ ਖਾਨ ਮਸਜਿਦ ਵਿੱਚ ਡਾਂਸ ਵੀਡੀਓ ਸ਼ੂਟ ਕਰਨ ਦੇ ਮਾਮਲੇ ‘ਚ ਉਸ ‘ਤੇ ਕੇਸ ਦਰਜ ਹੋਇਆ ਸੀ, ਹਾਲਾਂਕਿ ਬਾਅਦ ਵਿੱਚ ਅਦਾਲਤ ਵੱਲੋਂ ਉਸਨੂੰ ਬਰੀ ਕਰ ਦਿੱਤਾ ਗਿਆ। ਉਸ ਮਾਮਲੇ ਦੌਰਾਨ ਉਸਨੂੰ ਸੋਸ਼ਲ ਮੀਡੀਆ ‘ਤੇ ਕੜੀ ਆਲੋਚਨਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲੀਆਂ ਸਨ, ਜਿਸ ਤੋਂ ਬਾਅਦ ਉਸਨੇ ਜਨਤਕ ਮੁਆਫੀ ਵੀ ਮੰਗੀ ਸੀ।
41 ਸਾਲਾ ਸਬਾ ਕਮਰ ਪਾਕਿਸਤਾਨ ਦੀਆਂ ਮਸ਼ਹੂਰ ਅਦਾਕਾਰਾਵਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਹੈ। ਉਸਨੇ ਇਰਫਾਨ ਖਾਨ ਨਾਲ ‘ਹਿੰਦੀ ਮੀਡੀਅਮ’ ਵਿੱਚ ਅਹੰਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ, ਉਸਨੇ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੀ ਜ਼ਿੰਦਗੀ ‘ਤੇ ਆਧਾਰਿਤ ਟੀਵੀ ਡਰਾਮੇ ਵਿੱਚ ਵੀ ਕਿਰਦਾਰ ਨਿਭਾਇਆ, ਜਿਸਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।
Get all latest content delivered to your email a few times a month.