ਤਾਜਾ ਖਬਰਾਂ
ਅੱਜ ਦੇ ਡਿਜੀਟਲ ਦੌਰ ਵਿੱਚ ਜਿੱਥੇ ਸੋਸ਼ਲ ਮੀਡੀਆ ਜਾਣਕਾਰੀ ਦਾ ਇੱਕ ਵੱਡਾ ਸਾਧਨ ਹੈ, ਉੱਥੇ ਹੀ ਕਈ ਵਾਰ ਇਹ ਗਲਤ ਅਤੇ ਗੁੰਮਰਾਹਕੁੰਨ ਖਬਰਾਂ ਫੈਲਾਉਣ ਦਾ ਅੱਡਾ ਵੀ ਬਣ ਜਾਂਦਾ ਹੈ। ਤਾਜ਼ਾ ਮਾਮਲਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨਾਲ ਜੁੜਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ 'ਤੇ ਮਿਸ ਪੂਜਾ ਦੀ ਮੌਤ ਦੀ ਝੂਠੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਨੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਹੁਣ ਖੁਦ ਗਾਇਕਾ ਨੇ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾਉਂਦੇ ਹੋਏ ਸੱਚਾਈ ਸਾਂਝੀ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕਾਫੀ ਸ਼ੇਅਰ ਕੀਤੀ ਜਾ ਰਹੀ ਸੀ, ਜਿਸ ਵਿੱਚ ਮਿਸ ਪੂਜਾ ਦੀ ਤਸਵੀਰ ਲਗਾ ਕੇ ਲਿਖਿਆ ਗਿਆ ਸੀ ਕਿ "ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮਿਸ ਪੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।" ਇਸ ਪੋਸਟ ਦੇ ਫੈਲਦੇ ਹੀ ਸੋਸ਼ਲ ਮੀਡੀਆ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਣ ਲੱਗਾ।
ਮਿਸ ਪੂਜਾ ਦਾ ਜਵਾਬ: "ਹਮ ਅਭੀ ਜ਼ਿੰਦਾ ਹੈ"
ਇਨ੍ਹਾਂ ਅਫਵਾਹਾਂ ਦਾ ਸਖਤ ਨੋਟਿਸ ਲੈਂਦਿਆਂ ਮਿਸ ਪੂਜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਉਸੇ ਝੂਠੀ ਪੋਸਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ। ਉਨ੍ਹਾਂ ਨੇ ਮਜ਼ਾਕੀਆ ਪਰ ਸਪੱਸ਼ਟ ਲਹਿਜੇ ਵਿੱਚ ਲਿਖਿਆ:
"ਟੱਲ ਜੋ-ਟੱਲ ਜੋ, ਇੰਨੀ ਛੇਤੀ ਨਹੀਂ ਮਰਦੀ ਮੈਂ, ਹਮ ਅਭੀ ਜ਼ਿੰਦਾ ਹੈ।"
ਗਾਇਕਾ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਬਿਨਾਂ ਪੁਸ਼ਟੀ ਕੀਤੇ ਖਬਰਾਂ ਨੂੰ ਸਾਂਝਾ ਕਰਨ ਵਾਲਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.