ਤਾਜਾ ਖਬਰਾਂ
ਰਾਜਧਾਨੀ ਦਿੱਲੀ ਸਮੇਤ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਪਹੁੰਚਣ ਕਾਰਨ ਸਿਹਤ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਵਧਦੇ ਪ੍ਰਦੂਸ਼ਣ ਅਤੇ ਸਰਦੀਆਂ ਦੀ ਸੰਘਣੀ ਧੁੰਦ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਅੱਜ (18 ਦਸੰਬਰ) ਤੋਂ ਦਿੱਲੀ ਵਿੱਚ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਵੱਲੋਂ GRAP-4 ਦੀਆਂ ਪਾਬੰਦੀਆਂ ਪਹਿਲਾਂ ਹੀ ਜਾਰੀ ਹਨ, ਜਿਨ੍ਹਾਂ ਨੂੰ ਹੁਣ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਦਫ਼ਤਰਾਂ ਲਈ ਨਵੇਂ ਹੁਕਮ: 50 ਫੀਸਦ ਸਟਾਫ਼ ਕਰੇਗਾ 'ਵਰਕ ਫਰਾਮ ਹੋਮ'
ਪ੍ਰਦੂਸ਼ਣ ਨੂੰ ਘਟਾਉਣ ਲਈ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਸਿਰਫ਼ ਅੱਧਾ ਸਟਾਫ਼ ਹੀ ਮੌਜੂਦ ਰਹੇਗਾ। ਬਾਕੀ 50 ਫੀਸਦ ਕਰਮਚਾਰੀ ਘਰ ਤੋਂ ਕੰਮ (WFH) ਕਰਨਗੇ। ਕੰਪਨੀਆਂ ਨੂੰ ਰੋਟੇਸ਼ਨ ਦੇ ਆਧਾਰ 'ਤੇ ਰੋਸਟਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ, ਹਸਪਤਾਲ, ਪੁਲਿਸ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਫ਼ਤਰਾਂ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।
ਬਿਨਾਂ PUC ਸਰਟੀਫਿਕੇਟ ਨਹੀਂ ਮਿਲੇਗਾ ਤੇਲ
ਵਾਹਨਾਂ ਦੇ ਪ੍ਰਦੂਸ਼ਣ 'ਤੇ ਨਕੇਲ ਕੱਸਣ ਲਈ ਅੱਜ ਤੋਂ ਦਿੱਲੀ ਦੇ ਪੈਟਰੋਲ ਪੰਪਾਂ 'ਤੇ ਨਵਾਂ ਨਿਯਮ ਲਾਗੂ ਹੋ ਗਿਆ ਹੈ। ਹੁਣ ਪ੍ਰਦੂਸ਼ਣ ਜਾਂਚ ਸਰਟੀਫਿਕੇਟ (PUC) ਦਿਖਾਏ ਬਿਨਾਂ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਮਿਲੇਗਾ। ਇਸ ਫੈਸਲੇ ਤੋਂ ਬਾਅਦ ਪੀਯੂਸੀ ਕੇਂਦਰਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕਿਸੇ ਵੀ ਟਕਰਾਅ ਦੀ ਸਥਿਤੀ ਨੂੰ ਰੋਕਣ ਲਈ ਪੈਟਰੋਲ ਪੰਪਾਂ 'ਤੇ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ।
ਪੁਰਾਣੇ ਵਾਹਨਾਂ 'ਤੇ ਸਖ਼ਤੀ: BS-4 ਤੋਂ ਪੁਰਾਣੇ ਵਾਹਨ ਹੋ ਸਕਦੇ ਹਨ ਜ਼ਬਤ
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਦਿੱਲੀ ਵਿੱਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ BS-6 ਸ਼੍ਰੇਣੀ ਦੇ ਵਾਹਨਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਜੇਕਰ ਕੋਈ ਵਾਹਨ BS-4 ਸ਼੍ਰੇਣੀ ਤੋਂ ਪੁਰਾਣਾ ਪਾਇਆ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਜ਼ਬਤ ਕੀਤਾ ਜਾ ਸਕਦਾ ਹੈ। ਦੂਜੇ ਰਾਜਾਂ ਤੋਂ ਆਉਣ ਵਾਲੇ ਅਜਿਹੇ ਵਾਹਨਾਂ ਨੂੰ ਸਰਹੱਦ 'ਤੇ ਹੀ ਰੋਕਿਆ ਜਾ ਰਿਹਾ ਹੈ।
ਭਾਰੀ ਵਾਹਨਾਂ ਅਤੇ ਉਸਾਰੀ ਕਾਰਜਾਂ 'ਤੇ ਰੋਕ
ਵਾਤਾਵਰਣ ਮੰਤਰੀ ਅਨੁਸਾਰ, ਦਿੱਲੀ ਵਿੱਚ ਉਸਾਰੀ ਸਮੱਗਰੀ ਲੈ ਕੇ ਜਾਣ ਵਾਲੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਪੂਰਨ ਪਾਬੰਦੀ ਹੈ। ਸ਼ਹਿਰ ਅੰਦਰ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ਨੂੰ ਵੀ ਰੋਕ ਦਿੱਤਾ ਗਿਆ ਹੈ ਤਾਂ ਜੋ ਹਵਾ ਵਿੱਚ ਉੱਡਣ ਵਾਲੀ ਧੂੜ ਨੂੰ ਘੱਟ ਕੀਤਾ ਜਾ ਸਕੇ।
Get all latest content delivered to your email a few times a month.