ਤਾਜਾ ਖਬਰਾਂ
ਚੰਡੀਗੜ੍ਹ, 14 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਵੱਡੇ ਪੱਧਰ ਅਤੇ ਸਪੱਸ਼ਟ ਤੌਰ ਤੇ ਗੜਬੜੀਆਂ ਕਰਨਾ ਦਾ ਦੋਸ਼ ਲਗਾਉਂਦੇ ਹੋਏ, ਕਿਹਾ ਹੈ ਕਿ ਇਹ ਇਨ੍ਹਾਂ ਅੰਦਰ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਖੁਲਾਸਾ ਕੀਤਾ ਕਿ ਸੂਬੇ ਭਰ ਤੋਂ ਆਈਆਂ ਖਬਰਾਂ ਮੁਤਾਬਿਕ ਪੁਲਿਸ ਅਤੇ ਪ੍ਰਸ਼ਾਸਨ ਦੇ ਸਮਰਥਨ ਨਾਲ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੇ ਕਈ ਥਾਵਾਂ 'ਤੇ ਬੂਥ ਕੈਪਚਰਿੰਗ ਦਾ ਸਹਾਰਾ ਲਿਆ ਹੈ। ਅਜਿਹਾ ਕਰਕੇ ਇਹ ਭਾਜਪਾ ਵਿਚ ਆਪਣੇ ਸਲਾਹਕਾਰਾਂ ਤੋਂ ਇੱਕ ਕਦਮ ਅੱਗੇ ਵਧ ਗਏ ਹਨ, ਜਿਹੜੇ ਵੋਟ ਚੋਰੀ ਲਈ ਜਾਣੇ ਜਾਂਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ 'ਆਪ' ਨੇ ਭਾਜਪਾ ਦੀ ਵੋਟ ਚੋਰੀ ਕਿਤਾਬ ਤੋਂ ਇੱਕ ਹੋਰ ਹਿੱਸਾ ਚੁੱਕਿਆ ਹੈ ਅਤੇ ਇਸਨੇ ਵਿਰੋਧੀ ਪਾਰਟੀਆਂ ਨੂੰ ਵੋਟਰ ਸੂਚੀਆਂ ਪ੍ਰਦਾਨ ਨਹੀਂ ਕੀਤੀਆਂ।
ਉਨ੍ਹਾਂ ਕਿਹਾ ਕਿ ਇਹ ਸਭ ਸੱਤਾਧਾਰੀ ਪਾਰਟੀ ਵਿੱਚ ਘਬਰਾਹਟ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ, ਜਿਸਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਇਸਨੂੰ ਲੋਕਾਂ ਦੇ ਸਮਰਥਨ 'ਤੇ ਭਰੋਸਾ ਹੁੰਦਾ, ਤਾਂ 'ਆਪ' ਅਜਿਹੀਆਂ ਕਾਰਵਾਈਆਂ ਕਿਉਂ ਕਰਦੀ?
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਲੰਘਣਾਵਾਂ ਇੰਨੀਆਂ ਸਪੱਸ਼ਟ ਸਨ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਦੋ ਪਿੰਡਾਂ ਮਧੀਰ ਅਤੇ ਬਾਬਨੀਆ ਵਿੱਚ ਮੁੜ ਤੋਂ ਵੋਟਾਂ ਪਵਾਉਣ ਦੀ ਲੋੜ ਪੈ ਗਈ ਹੈ।
ਇਸ ਮੌਕੇ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਬਹਾਦਰੀ ਨਾਲ ਲੜਨ ਲਈ ਵਧਾਈ ਦਿੱਤੀ, ਜਿੱਥੇ ਸੱਤਾਧਾਰੀ ਪਾਰਟੀ ਨੇ ਮਨੀਸ਼ ਸਿਸੋਦੀਆ ਦੇ "ਸਾਮ, ਦਾਮ, ਦੰਡ, ਭੇਦ" ਸਿਧਾਂਤ ਉੱਪਰ ਪੂਰੀ ਤਰ੍ਹਾਂ ਅਮਲ ਕਰਦਿਆਂ, ਚੋਣਾਂ 'ਤੇ ਕਬਜ਼ਾ ਕਰਨ ਲਈ ਸੂਬੇ ਦੀ ਸਾਰੀ ਤਾਕਤ, ਪੈਸਾ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
Get all latest content delivered to your email a few times a month.