ਤਾਜਾ ਖਬਰਾਂ
ਪੰਜਾਬ ਵਿੱਚ ਅੱਜ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਲੋਕਤੰਤਰ ਪ੍ਰਤੀ ਜਾਗਰੂਕਤਾ ਦੀ ਇੱਕ ਅਨੋਖੀ ਅਤੇ ਪ੍ਰੇਰਣਾਦਾਇਕ ਤਸਵੀਰ ਸਾਹਮਣੇ ਆਈ। ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਾਲੂ ਅਰਾਈ ਹਿਠਾੜ ਦੇ ਵਸਨੀਕ ਲਾੜੇ ਲਖਵਿੰਦਰ ਸਿੰਘ ਨੇ ਆਪਣੇ ਵਿਆਹ ਦੇ ਦਿਨ ਘੋੜੀ ਚੜ੍ਹਨ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪਹੁੰਚ ਕੇ ਆਪਣੀ ਕੀਮਤੀ ਵੋਟ ਪਾਈ।
ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਉਪਰੰਤ, ਸਜੀ-ਸਵਾਰੀ ਕਾਰ ਵਿੱਚ ਬਰਾਤੀਆਂ ਸਮੇਤ ਲਾੜਾ ਪਿੰਡ ਦੇ ਸਕੂਲ ਵਿੱਚ ਬਣੇ ਪੋਲਿੰਗ ਬੂਥ ‘ਤੇ ਗਿਆ। ਉੱਥੇ ਉਸ ਨੇ ਬੈਲਟ ਪੇਪਰ ਰਾਹੀਂ ਵੋਟ ਪਾ ਕੇ ਲੋਕਾਂ ਨੂੰ ਲੋਕਤੰਤਰ ਦੇ ਮੁੱਢਲੇ ਹੱਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਲਖਵਿੰਦਰ ਸਿੰਘ ਨੇ ਕਿਹਾ ਕਿ ਬਰਾਤ ਜਾਣ ‘ਚ ਅੱਧਾ ਘੰਟਾ ਦੇਰੀ ਹੋ ਸਕਦੀ ਹੈ, ਪਰ ਵੋਟ ਪਾਉਣ ਦਾ ਮੌਕਾ ਬਹੁਤ ਕੀਮਤੀ ਹੁੰਦਾ ਹੈ ਅਤੇ ਇਸਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਸੇ ਤਰ੍ਹਾਂ ਜਲਾਲਾਬਾਦ ਹਲਕੇ ਦੇ ਬਲਾਕ ਸੰਮਤੀ ਜ਼ੋਨ ਖੁੜੰਜ ਦੇ ਬੂਥ ਚੱਕ ਸੜੀਆਂ ਬਾਹਰ ਵੀ ਖੁਸ਼ੀ ਅਤੇ ਜ਼ਿੰਮੇਵਾਰੀ ਦਾ ਸੁੰਦਰ ਮੇਲ ਵੇਖਣ ਨੂੰ ਮਿਲਿਆ। ਪਿੰਡ ਵਿੱਚ ਵਿਆਹ ਹੋਣ ਕਾਰਨ ਬੈਂਡ ਵੱਜ ਰਹੇ ਸਨ ਅਤੇ ਭੰਗੜਾ ਪੈ ਰਿਹਾ ਸੀ। ਘੋੜੀ ਚੜ੍ਹਨ ਤੋਂ ਪਹਿਲਾਂ ਲਾੜਾ ਪੂਰੀ ਬਰਾਤ ਨਾਲ ਪੋਲਿੰਗ ਬੂਥ ‘ਤੇ ਪਹੁੰਚਿਆ, ਸਭ ਤੋਂ ਪਹਿਲਾਂ ਆਪਣੀ ਵੋਟ ਪਾਈ ਅਤੇ ਫਿਰ ਬਰਾਤ ਰਵਾਨਾ ਹੋਈ। ਲਾੜੇ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੀ ਨਹੀਂ, ਸਗੋਂ ਫਰਜ਼ ਵੀ ਹੈ, ਜੋ ਹਰ ਨਾਗਰਿਕ ਨੂੰ ਨਿਭਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਹ ਚੋਣਾਂ ਈਵੀਐਮ ਦੀ ਥਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾ ਰਹੀਆਂ ਹਨ, ਜਦਕਿ ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
Get all latest content delivered to your email a few times a month.