ਤਾਜਾ ਖਬਰਾਂ
ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਸੋਨੀਆ ਮਾਨ ਨੇ ਆਪਣੇ ਪਿੰਡ ਬੱਗਾ ਕਲਾਂ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਚੋਣੀ ਪ੍ਰਕਿਰਿਆ ਬਹੁਤ ਹੀ ਸ਼ਾਂਤੀਪੂਰਵਕ ਅਤੇ ਡਿਸ਼ਿਪਲਿਨ ਨਾਲ ਚੱਲ ਰਹੀ ਹੈ, ਜੋ ਕਿ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਮਾਣ ਹੈ।
ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਘਰਾਂ ਤੋਂ ਬਾਹਰ ਨਿਕਲ ਕੇ ਆਪਣਾ ਵੋਟ ਦਾ ਅਧਿਕਾਰ ਜ਼ਰੂਰ ਅਦਾ ਕਰਨ, ਕਿਉਂਕਿ ਇਹ ਅਧਿਕਾਰ ਸਾਨੂੰ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ। ਸੋਨੀਆ ਮਾਨ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਰਾਹੀਂ ਪਿੰਡਾਂ ਵਿੱਚ ਵਿਕਾਸ ਲਈ ਵੱਡੀ ਮਾਤਰਾ ਵਿੱਚ ਫੰਡ ਆਉਂਦਾ ਹੈ, ਜਿਸ ਨਾਲ ਗਲੀਆਂ, ਨਾਲੀਆਂ, ਲਾਈਟਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦਾ ਵਿਕਾਸ ਸੰਭਵ ਹੁੰਦਾ ਹੈ। ਪਿਛਲੇ ਦਿਨੀ ਹੋਈ ਭਿੰਡੀਆਂ ਸੈਦਾਂ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਤੱਤ ਅਜੇ ਵੀ ਗੁੰਡਾਗਰਦੀ ਅਤੇ ਧਮਕੀਆਂ ਦੀ ਰਾਜਨੀਤੀ ਕਰ ਰਹੇ ਹਨ, ਜੋ ਬਿਲਕੁਲ ਬਰਦਾਸ਼ਤਯੋਗ ਨਹੀਂ। ਆਮ ਆਦਮੀ ਪਾਰਟੀ ਹਮੇਸ਼ਾ ਇਮਾਨਦਾਰੀ ਅਤੇ ਸੱਚਾਈ ਦੇ ਰਾਹ ‘ਤੇ ਚੱਲੀ ਹੈ ਅਤੇ ਅਜਿਹੀਆਂ ਗੁੰਡਾਗਰਦੀ ਵਾਲੀਆਂ ਘਟਨਾਵਾਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ। ਸੋਨੀਆ ਮਾਨ ਨੇ ਕਿਹਾ ਕਿ ਇਹ ਚੋਣਾਂ ਸੈਮੀਫਾਈਨਲ ਵਾਂਗ ਹਨ ਅਤੇ ਲੋਕਾਂ ਦਾ ਸਮਰਥਨ ਭਗਵੰਤ ਮਾਨ ਸਰਕਾਰ ਨੂੰ ਹੋਰ ਮਜ਼ਬੂਤੀ ਦੇਵੇਗਾ। ਉਨ੍ਹਾਂ ਵੋਟਰਾਂ ਨੂੰ ਝਾੜੂ ਦੇ ਨਿਸ਼ਾਨ ‘ਤੇ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਪ ਦੇ ਜਿੱਤਣ ਨਾਲ ਪਿੰਡਾਂ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ।
ਇਸ ਮੌਕੇ ਸਥਾਨਕ ਵਾਸੀ ਤੇਜਵੀਰ ਸਿੰਘ ਮਾਨ ਨੇ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਚੋਣਾਂ ਕਾਰਨ ਵਿਕਾਸ ਫੰਡਾਂ ਵਿੱਚ ਦੇਰੀ ਹੋਈ, ਪਰ ਹੁਣ ਸਰਕਾਰ ਪੂਰੀ ਗਤੀ ਨਾਲ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਵਿੱਚ ਵਿਕਾਸ ਦੇ ਕੰਮ ਨਜ਼ਰ ਆਉਣਗੇ।
Get all latest content delivered to your email a few times a month.