ਤਾਜਾ ਖਬਰਾਂ
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੀਵਾਂ ਅਰਾਈ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 13 ਦਸੰਬਰ 2025 ਨੂੰ ਵਾਪਰੀ, ਜੋ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ, ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸਜਾਇਆ ਗਿਆ ਰੁਮਾਲਾ ਸਾਹਿਬ ਖਿੱਚਣ ਲੱਗ ਪਿਆ। ਇਸ ਹਰਕਤ ਨਾਲ ਗੁਰੂ ਸਾਹਿਬ ਜੀ ਨੂੰ ਹੇਠਾਂ ਡਿੱਗਣ ਦਾ ਖਤਰਾ ਬਣ ਗਿਆ, ਜਿਸ ਕਾਰਨ ਮੌਕੇ ‘ਤੇ ਮੌਜੂਦ ਸੰਗਤ ਵਿੱਚ ਅਫ਼ਰਾ-ਤਫ਼ਰੀ ਮਚ ਗਈ।
ਉਸ ਸਮੇਂ ਗੁਰਦੁਆਰੇ ਵਿੱਚ ਪਾਠੀ ਸਿੰਘ ਅਰਦਾਸ ਕਰ ਰਹੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਘਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਲਈ ਲਿਜਾਣ ਦੀ ਤਿਆਰੀ ਹੋ ਰਹੀ ਸੀ। ਅਚਾਨਕ ਨੌਜਵਾਨ ਦੀ ਇਹ ਕਰਤੂਤ ਦੇਖ ਕੇ ਪਾਠੀ ਸਿੰਘ ਅਤੇ ਹੋਰ ਸੰਗਤ ਨੇ ਤੁਰੰਤ ਦਖ਼ਲ ਦਿੱਤਾ। ਪਾਠੀ ਸਿੰਘ ਨੇ ਨੌਜਵਾਨ ਦਾ ਹੱਥ ਫੜ ਕੇ ਉਸ ਨੂੰ ਰੋਕਿਆ ਅਤੇ ਰੁਮਾਲਾ ਸਾਹਿਬ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਸੰਭਾਲ ਲਿਆ।
ਰੌਲਾ ਪੈਣ ‘ਤੇ ਹੋਰ ਸੰਗਤ ਵੀ ਇਕੱਠੀ ਹੋ ਗਈ। ਗੁੱਸੇ ਵਿੱਚ ਆਈ ਸੰਗਤ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਲੋਕਾਂ ਦਾ ਕਹਿਣਾ ਸੀ ਕਿ ਜੇ ਸਮੇਂ ਸਿਰ ਦੋਸ਼ੀ ਨੂੰ ਨਾ ਰੋਕਿਆ ਜਾਂਦਾ ਤਾਂ ਵੱਡਾ ਅਨਹੋਣੀ ਵਾਪਰ ਸਕਦੀ ਸੀ, ਜਿਸ ਨਾਲ ਸਿੱਖ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਨੌਜਵਾਨ ਨੂੰ ਕਬਜ਼ੇ ਵਿੱਚ ਲੈ ਲਿਆ। ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਨੌਜਵਾਨ ਤੋਂ ਥਾਣੇ ਵਿੱਚ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਉਪਰੰਤ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਗਹਿਰਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਅਜਿਹੀਆਂ ਘਟਨਾਵਾਂ ਸਮਾਜਕ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਲਈ ਵੱਡੀ ਚੁਣੌਤੀ ਮੰਨੀਆਂ ਜਾ ਰਹੀਆਂ ਹਨ।
Get all latest content delivered to your email a few times a month.