ਤਾਜਾ ਖਬਰਾਂ
ਹਲਕਾ ਮੋਗਾ ਦੇ ਪਿੰਡ ਕਾਹਨ ਸਿੰਘ ਵਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਰਾਜਨੀਤਿਕ ਫਾਇਦਾ ਮਿਲਿਆ ਜਦੋਂ ‘ਆਪ’ ਪਾਰਟੀ ਦੇ ਟਕਸਾਲੀ ਤੇ ਫਾਉਂਡਰ ਵਰਕਰਾਂ ਸਮੇਤ 10 ਪਰਿਵਾਰਾਂ ਨੇ ਪੱਦਰ ਤੌਰ ‘ਤੇ ‘ਆਪ’ ਨੂੰ ਅਲਵਿਦਾ ਕਹਿੰਦੇ ਅਕਾਲੀ ਦਲ ਦਾ ਪੱਲਾ ਫੜਿਆ। ਇਹ ਪਰਿਵਾਰ ਸੰਜੀਤ ਸਿੰਘ ਸੰਨੀ ਗਿੱਲ, ਜੋ ਹਲਕਾ ਮੋਗਾ ਦੇ ਇੰਚਾਰਜ ਹਨ, ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ। ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਹਰਜਿੰਦਰ ਸਿੰਘ, ਸੰਤੋਖ ਸਿੰਘ ਢਿੱਲੋਂ, ਸੁਰਿੰਦਰ ਸਿੰਘ ਢਿੱਲੋਂ, ਅਜੈਬ ਸਿੰਘ, ਗਰਦੌਰ ਸਿੰਘ, ਨਿਰਮਲ ਸਿੰਘ, ਛਿੰਦਰ ਸਿੰਘ, ਅਜਮੇਰ ਸਿੰਘ, ਹਰਮਨਜੀਤ ਸਿੰਘ, ਸਰਬਜੀਤ ਸਿੰਘ, ਜੰਗ ਸਿੰਘ, ਬਲਵਿੰਦਰ ਸਿੰਘ (ਸਾਬਕਾ ਸਰਪੰਚ), ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਇਸ ਸ਼ਮੂਲੀਅਤ ਨੂੰ ਅਕਾਲੀ ਦਲ ਦੇ ਆਗੂਆਂ ਨੇ ਵੱਡੀ ਤਾਕਤ ਦੇ ਰੂਪ ਵਿੱਚ ਦੇਖਿਆ ਅਤੇ ਕਿਹਾ ਕਿ ਇਹ ਹਲਕਾ ਮੋਗਾ ਦੀ ਰਾਜਨੀਤੀ ਦਾ ਰੁਖ ਬਦਲਣ ਵਾਲਾ ਕਦਮ ਹੈ।
ਇਸ ਮੌਕੇ ‘ਤੇ ਸੰਨੀ ਗਿੱਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਪੰਜਾਬ ਦੀ ਹਾਲਤ ਖਰਾਬ ਹੈ। ਉਨ੍ਹਾਂ ਦੱਸਿਆ ਕਿ ਸੂਬੇ ‘ਤੇ ਕਰਜ਼ਾ ਵਧ ਰਿਹਾ ਹੈ, ਹਸਪਤਾਲਾਂ ‘ਚ ਦਵਾਈਆਂ ਦੀ ਘਾਟ ਹੈ, ਸਕੂਲਾਂ ਦੀ ਸਿੱਖਿਆ ਪ੍ਰਣਾਲੀ ਲੜਖੜਾ ਚੁੱਕੀ ਹੈ, ਕਿਸਾਨਾਂ ਨੂੰ ਸਮੇਂ ‘ਤੇ ਯੂਰੀਆ ਨਹੀਂ ਮਿਲਦੀ ਅਤੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਮੁੜ ਅਕਾਲੀ ਦਲ ਵਲ ਰੁਝਾਨ ਕਰ ਰਹੇ ਹਨ ਕਿਉਂਕਿ ਵਿਕਾਸ ਦੀਆਂ ਨੀਹਾਂ ਅਕਾਲੀ ਦਲ ਦੇ ਸ਼ਾਸਨ ਦੌਰਾਨ ਰੱਖੀਆਂ ਗਈਆਂ ਸਨ।
ਸੰਨੀ ਗਿੱਲ ਨੇ ਵਿਸ਼ਵਾਸ ਜਤਾਇਆ ਕਿ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਸਾਰੀਅਾਂ ਸੀਟਾਂ ਜਿੱਤੇਗਾ ਤੇ ਇਹ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਸੰਕੇਤ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਨਾਲ ਅਕਾਲੀ ਦਲ ਦੁਬਾਰਾ ਸਰਕਾਰ ਬਣਾਵੇਗਾ ਅਤੇ ਪੰਜਾਬ ਵਿੱਚ ਅਮਨ, ਖੁਸ਼ਹਾਲੀ ਅਤੇ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਗੁਰਦਰਸ਼ਨ ਸਿੰਘ ਝੰਡੇਆਣਾ, ਮਾਸਟਰ ਗੁਰਦੀਪ ਸਿੰਘ ਮਹੇਸਰੀ ਸਮੇਤ ਕਈ ਹੋਰ ਆਗੂ ਹਾਜ਼ਰ ਸਨ।
Get all latest content delivered to your email a few times a month.