ਤਾਜਾ ਖਬਰਾਂ
ਡਾ. ਨਵਜੋਤ ਕੌਰ ਸਿੱਧੂ ਦੇ ਤਾਜ਼ਾ ਬਿਆਨਾਂ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਚਰਚਾ ਚੇਤੀ ਦਿੱਤੀ ਹੈ। ਉਹ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ‘ਤੇ ਟਿਕਟਾਂ ਦੀ ਵੇਚ-ਖਰੀਦ ਅਤੇ ਪੈਸੇ ਦੇ ਲੈਣ-ਦੇਣ ਦੇ ਗੰਭੀਰ ਦੋਸ਼ ਲਗਾ ਰਹੀ ਹਨ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਕਈ ਆਗੂ ਪਹਿਲਾਂ ਹੀ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਚੁੱਕੇ ਹਨ। ਹੁਣ, ਉਹਨਾਂ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ 'ਤੇ ਵੀ ਇਲਜ਼ਾਮ ਲਾਇਆ ਕਿ ਜੋਸ਼ੀ ਨੇ ਕਾਂਗਰਸ 'ਚ ਸ਼ਾਮਲ ਹੋਣ ਲਈ ਵੱਡੀ ਰਕਮ ਅਦਾ ਕੀਤੀ ਸੀ ਅਤੇ ਹੁਣ ਨਿਰਾਸ਼ ਹੋ ਕੇ ਅਕਾਲੀ ਦਲ ਵੱਲ ਵਾਪਸ ਜਾ ਰਹੇ ਹਨ।
ਅਨਿਲ ਜੋਸ਼ੀ ਨੇ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਵੱਲੋਂ ਮੀਡੀਆ ਵਿੱਚ ਦਿੱਤੇ ਬਿਆਨਾਂ ਦਾ ਕਿਸੇ ਵੀ ਤੱਥ ਨਾਲ ਕੋਈ ਸੰਬੰਧ ਨਹੀਂ। ਜੋਸ਼ੀ ਨੇ ਸਾਫ ਕੀਤਾ ਕਿ ਉਨ੍ਹਾਂ ਦੀ ਕਦੇ ਵੀ ਡਾ. ਸਿੱਧੂ ਨਾਲ ਕੋਈ ਮੁਲਾਕਾਤ, ਗੱਲਬਾਤ ਜਾਂ ਫੋਨ ਸੰਪਰਕ ਨਹੀਂ ਹੋਇਆ। ਇਸ ਲਈ ਉਹ ਮਾਮਲਾ ਅਦਾਲਤ ਵਿੱਚ ਲੈ ਕੇ ਜਾਵਣਗੇ ਅਤੇ ਉਨ੍ਹਾਂ ਤੋਂ ਬਿਆਨਾਂ ਦੇ ਆਧਾਰ ਬਾਰੇ ਸਵਾਲ ਕੀਤੇ ਜਾਣਗੇ।
ਜੋਸ਼ੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਦਾਅਵਿਆਂ ਦਾ ਰਾਜਨੀਤਿਕ ਵਿਤੰਗੜੇ ਅਤੇ ਨਿੱਜੀ ਵੈਰ ਨਾਲ ਵੱਧ ਸੰਬੰਧ ਲੱਗਦਾ ਹੈ। ਉਹਨਾਂ ਕਿਹਾ ਕਿ ਡਾ. ਸਿੱਧੂ ਕਈ ਵਾਰ 500 ਕਰੋੜ ਦੀ ਗੱਲ ਜਾਂ ਹੋਰ ਇਲਜ਼ਾਮ ਬਿਨਾਂ ਕਿਸੇ ਸਬੂਤ ਦੇ ਲਗਾ ਦਿੰਦੇ ਹਨ। ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਨੇਤਾਵਾਂ ਬਾਜਵਾ ਦੀ ਗੱਲ ਕਰਦਿਆਂ ਕਿਹਾ ਕਿ ਉਹ ਲੋਕ ਜ਼ਿੰਮੇਵਾਰੀ ਨਾਲ ਰਾਜਨੀਤੀ ਕਰਦੇ ਹਨ, ਪਰ ਨਵਜੋਤ ਕੌਰ ਸਿੱਧੂ ਹਰ ਮਾਮਲੇ ‘ਤੇ ਗਲਤ ਬਿਆਨਬਾਜ਼ੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਹ ਡਾ. ਨਵਜੋਤ ਕੌਰ ਸਿੱਧੂ ਖਿਲਾਫ਼ ਲਗਾਤਾਰ ਚੌਥਾ ਕਾਨੂੰਨੀ ਨੋਟਿਸ ਹੈ। ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ, ਕਰਨਬੀਰ ਬੁਰਜ ਅਤੇ ਰਾਜਬੀਰ ਭੁੱਲਰ ਵੀ ਉਨ੍ਹਾਂ ਨੂੰ ਨੋਟਿਸ ਭੇਜ ਚੁੱਕੇ ਹਨ। ਇਸ ਸਾਰੇ ਵਿਵਾਦ ਵਿਚ, ਕਾਂਗਰਸ ਨੇ ਵੀ ਕੜਾ ਰਵੱਈਆ ਅਖ਼ਤਿਆਰ ਕਰਦਿਆਂ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਰਾਜਾ ਵੜਿੰਗ ਨੇ 500 ਕਰੋੜ ਰੁਪਏ ਵਾਲੀ ਟਿੱਪਣੀ ਨੂੰ ਪਾਰਟੀ ਵਿਰੋਧੀ ਕਹਿੰਦੇ ਹੋਏ ਮੁਅੱਤਲੀ ਦਾ ਪੱਤਰ ਜਾਰੀ ਕੀਤਾ ਸੀ, ਜਿਸ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
Get all latest content delivered to your email a few times a month.