ਤਾਜਾ ਖਬਰਾਂ
ਭਾਰਤ ਦਾ ਰੋਸ਼ਨੀ ਦਾ ਤਿਉਹਾਰ ਦੀਪਾਵਲੀ ਹੁਣ ਅਧਿਕਾਰਤ ਤੌਰ 'ਤੇ ਯੂਨੈਸਕੋ (UNESCO) ਦੀ ਅਮੂਰਤ ਸੱਭਿਆਚਾਰਕ ਵਿਰਾਸਤ (Intangible Cultural Heritage) ਦੀ ਪ੍ਰਤੀਨਿਧ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਇਹ ਐਲਾਨ 2025 ਦੀ ਸੂਚੀ ਦੇ ਨਾਲ ਕੀਤਾ ਗਿਆ ਹੈ, ਜਿਸ ਵਿੱਚ ਦੁਨੀਆ ਭਰ ਦੀਆਂ 20 ਸੱਭਿਆਚਾਰਕ ਵਿਰਾਸਤਾਂ ਨੂੰ ਜਗ੍ਹਾ ਮਿਲੀ ਹੈ।
ਯੂਨੈਸਕੋ ਇਹ ਸੂਚੀ ਦੁਨੀਆ ਦੀਆਂ ਉਨ੍ਹਾਂ ਜੀਵਤ ਪਰੰਪਰਾਵਾਂ, ਸਮਾਜਿਕ ਰੀਤਾਂ, ਤਿਉਹਾਰਾਂ, ਲੋਕ ਕਲਾ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕਰਦਾ ਹੈ, ਜੋ ਪੀੜ੍ਹੀਆਂ ਤੋਂ ਸਮਾਜਾਂ ਦੀ ਸੱਭਿਆਚਾਰਕ ਪਛਾਣ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਦੀਪਾਵਲੀ ਤੋਂ ਇਲਾਵਾ, ਬੰਗਲਾਦੇਸ਼ ਦੀ ਤਾਂਗਾਇਲ ਸਾੜ੍ਹੀ ਬੁਣਾਈ ਕਲਾ ਨੂੰ ਵੀ ਇਸ ਸਾਲ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਕੀ ਹੈ?
ਯੂਨੈਸਕੋ ਅਨੁਸਾਰ, ਸੱਭਿਆਚਾਰਕ ਵਿਰਾਸਤ ਸਿਰਫ਼ ਇਮਾਰਤਾਂ (ਸਮਾਰਕਾਂ) ਅਤੇ ਪੁਰਾਣੀਆਂ ਵਸਤੂਆਂ ਤੱਕ ਸੀਮਤ ਨਹੀਂ ਹੈ, ਬਲਕਿ ਇਸ ਵਿੱਚ ਉਹ ਜੀਵਤ ਪਰੰਪਰਾਵਾਂ ਵੀ ਸ਼ਾਮਲ ਹਨ ਜੋ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਹਨ। ਜਿਵੇਂ:
ਲੋਕ ਕਥਾਵਾਂ (Folklore), ਨਾਚ ਅਤੇ ਸੰਗੀਤ (Dance and Music), ਤਿਉਹਾਰ ਅਤੇ ਸਮਾਜਿਕ ਰੀਤਾਂ (Festivals and Social Rituals), ਰਵਾਇਤੀ ਹੁਨਰ (Traditional Skills)
ਇਹ ਵਿਰਾਸਤ ਭਾਈਚਾਰਿਆਂ ਦੀ ਪਛਾਣ ਦਾ ਹਿੱਸਾ ਹੁੰਦੀ ਹੈ ਅਤੇ ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿੱਚ ਸੱਭਿਆਚਾਰਕ ਵਿਭਿੰਨਤਾ (Cultural Diversity) ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਦੀਪਾਵਲੀ ਤੋਂ ਪਹਿਲਾਂ ਭਾਰਤ ਦੀਆਂ ਹੋਰ ਸ਼ਾਮਲ ਪਰੰਪਰਾਵਾਂ
ਦੀਪਾਵਲੀ ਤੋਂ ਇਲਾਵਾ, ਭਾਰਤ ਦੀਆਂ ਕਈ ਹੋਰ ਪ੍ਰੰਪਰਾਵਾਂ ਇਸ ਵੱਕਾਰੀ ਸੂਚੀ ਵਿੱਚ ਪਹਿਲਾਂ ਹੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਹਨ:
ਕੋਲਕਾਤਾ ਦੀ ਦੁਰਗਾ ਪੂਜਾ (2021), ਕੁੰਭ ਮੇਲਾ (2017), ਨੌਰੋਜ਼ (2016), ਜੰਡਿਆਲਾ ਗੁਰੂ (ਪੰਜਾਬ) ਦੇ ਠਠੇਰਿਆਂ ਦੀ ਧਾਤੂ ਕਲਾ (2014), ਮਨੀਪੁਰ ਦਾ ਸੰਕੀਰਤਨ (2013), ਲੱਦਾਖ ਦੀ ਬੋਧੀ ਮੰਤਰ ਉਚਾਰਨ ਪਰੰਪਰਾ (2012), ਛਾਊ ਨਾਚ, ਕਾਲਬੇਲੀਆ ਨਾਚ ਅਤੇ ਮੁਦੀਏਟੂ (2010), ਗੜ੍ਹਵਾਲ ਦਾ ਰੰਮਣ ਤਿਉਹਾਰ (2009), ਕੁਟੀਆੱਟਮ ਸੰਸਕ੍ਰਿਤ ਥੀਏਟਰ, ਰਾਮਲੀਲਾ ਅਤੇ ਵੈਦਿਕ ਮੰਤਰ (2008)
Get all latest content delivered to your email a few times a month.