ਤਾਜਾ ਖਬਰਾਂ
ਕ੍ਰਿਕਟ ਜਗਤ ਨਾਲ ਜੁੜੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਖੇਡ ਪ੍ਰੇਮੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਵੇਗਾ। ਕ੍ਰਿਕਟ ਐਸੋਸੀਏਸ਼ਨ ਆਫ਼ ਪੁਡੂਚੇਰੀ (CAP) ਵਿੱਚ ਕਾਫੀ ਹੰਗਾਮਾ ਮਚਿਆ ਹੋਇਆ ਹੈ। ਸੋਮਵਾਰ ਨੂੰ CAP ਦੀ ਅੰਡਰ-19 ਟੀਮ ਦੇ ਹੈੱਡ ਕੋਚ 'ਤੇ ਤਿੰਨ ਸਥਾਨਕ ਕ੍ਰਿਕਟਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਕੋਚ ਦੇ ਸਿਰ 'ਤੇ 20 ਟਾਂਕੇ ਆਏ ਹਨ ਅਤੇ ਉਨ੍ਹਾਂ ਦਾ ਮੋਢਾ (Shoulder) ਫਰੈਕਚਰ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।
ਸਈਅਦ ਮੁਸ਼ਤਾਕ ਅਲੀ ਟੀਮ ਵਿੱਚ ਚੋਣ ਨਾ ਹੋਣ 'ਤੇ ਖਿਡਾਰੀਆਂ ਦਾ ਹਮਲਾ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, CAP ਦੇ ਅੰਡਰ-19 ਹੈੱਡ ਕੋਚ ਐਸ. ਵੈਂਕਟਰਮਨ 'ਤੇ ਤਿੰਨ ਖਿਡਾਰੀਆਂ ਨੇ ਗੁੱਸੇ ਵਿੱਚ ਆ ਕੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਖਿਡਾਰੀ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਸਕੁਐਡ ਵਿੱਚ ਜਗ੍ਹਾ ਨਾ ਮਿਲਣ ਕਾਰਨ ਬੇਹੱਦ ਨਿਰਾਸ਼ ਸਨ। CAP ਦੇ ਸਾਬਕਾ ਸਕੱਤਰ ਵੈਂਕਟਰਮਨ ਨੂੰ ਇਸ ਹਮਲੇ ਕਾਰਨ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਨ੍ਹਾਂ ਦਾ ਮੋਢਾ ਵੀ ਟੁੱਟ ਗਿਆ।
ਇਹ ਘਟਨਾ ਸੋਮਵਾਰ ਨੂੰ ਸਵੇਰੇ 11 ਵਜੇ CAP ਕੰਪਲੈਕਸ ਵਿੱਚ ਵਾਪਰੀ, ਜਿੱਥੇ ਤਿੰਨ ਖਿਡਾਰੀਆਂ ਨੇ ਕੋਚ 'ਤੇ ਹਮਲਾ ਕੀਤਾ। ਸੇਦਾਰਪੇਟ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸਬ-ਇੰਸਪੈਕਟਰ ਆਰ ਰਾਜੇਸ਼ ਨੇ ਪੁਸ਼ਟੀ ਕੀਤੀ ਕਿ ਕੋਚ ਦੇ ਸਿਰ 'ਤੇ ਬੁਰੀ ਤਰ੍ਹਾਂ ਸੱਟ ਲੱਗੀ ਹੈ ਪਰ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ।
ਕੋਚ ਨੇ ਦੱਸੇ ਹਮਲਾਵਰਾਂ ਦੇ ਨਾਮ
ਪੁਲਿਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਐਸ. ਵੈਂਕਟਰਮਨ ਨੇ ਤਿੰਨ ਹਮਲਾਵਰਾਂ ਦੇ ਨਾਮ ਦੱਸੇ ਹਨ। ਉਨ੍ਹਾਂ ਨੇ ਸੀਨੀਅਰ ਖਿਡਾਰੀ ਕਾਰਤਿਕੇਅਨ ਜਯਾਸੁੰਦਰਮ, ਪਹਿਲੀ ਸ਼੍ਰੇਣੀ ਦੇ ਖਿਡਾਰੀ ਏ. ਅਰਵਿੰਦਾਰਾਜ ਅਤੇ ਐਸ. ਸੰਤੋਸ਼ ਕੁਮਾਰਨ ਦਾ ਨਾਮ ਦਰਜ ਕਰਵਾਇਆ।
ਕੋਚ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤੀਦਾਸਨ ਪੁਡੂਚੇਰੀ ਕ੍ਰਿਕਟਰਜ਼ ਫੋਰਮ ਦੇ ਸਕੱਤਰ ਜੀ. ਚੰਦਰਨ ਨੇ ਇਨ੍ਹਾਂ ਤਿੰਨਾਂ ਨੂੰ ਭੜਕਾਇਆ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਟੀ-20 ਸਕੁਐਡ ਵਿੱਚ ਚੁਣੇ ਨਾ ਜਾਣ ਤੋਂ ਬਾਅਦ ਤਿੰਨੋਂ ਖਿਡਾਰੀਆਂ ਨੇ ਕੋਚ ਨੂੰ ਰੋਕਿਆ।
ਐਸ. ਵੈਂਕਟਰਮਨ ਨੇ ਦੱਸਿਆ ਕਿ ਤਿੰਨਾਂ ਨੇ ਉਨ੍ਹਾਂ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਸੀ। ਹਮਲਾ ਕਰਦੇ ਹੋਏ ਤਿੰਨ ਖਿਡਾਰੀ ਕਹਿ ਰਹੇ ਸਨ ਕਿ ਚੰਦਰਨ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਤਦ ਹੀ ਮੌਕਾ ਮਿਲੇਗਾ ਜਦੋਂ ਉਹ ਵੈਂਕਟਰਮਨ ਨੂੰ ਮਾਰ ਦੇਣਗੇ। ਹਾਲਾਂਕਿ, ਭਾਰਤੀਦਾਸਨ ਪੁਡੂਚੇਰੀ ਕ੍ਰਿਕਟਰਜ਼ ਫੋਰਮ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ।
Get all latest content delivered to your email a few times a month.