ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਵਰਕਰਾਂ ਖ਼ਿਲਾਫ਼ ਸਿਆਸੀ ਰੰਜਿਸ਼ ਨਾਲ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਭਾਰਤੀ ਚੋਣ ਕਮਿਸ਼ਨ ਨੂੰ ਗੰਭੀਰ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਰਾਜ ਸਰਕਾਰ ਨੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਸਰਕਾਰੀ ਮਸ਼ੀਨਰੀ ਦਾ ਬੇਜਾ ਇਸਤੇਮਾਲ ਕੀਤਾ।
ਡਾ. ਚੀਮਾ ਦੇ ਅਨੁਸਾਰ, ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਅਤੇ ਇਸਦੇ ਆਬਜ਼ਰਵਰਾਂ ਨੂੰ ਕਈ ਵਾਰ ਸੂਚਿਤ ਕਰਨ ਤੋਂ ਬਾਅਦ ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਦੋ ਡੀਐਸਪੀ ਅਤੇ ਇੱਕ ਐਸਐਚਓ ਨੂੰ ਤਬਦੀਲ ਕਰਨ ਅਤੇ ਤਰਨ ਤਾਰਨ ਦੀ ਐਸਐਸਪੀ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ। ਇਸ ਦੇ ਬਾਵਜੂਦ, ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਅਕਾਲੀ ਵਰਕਰਾਂ ਦੀ ਤੰਗਪ੍ਰੇਸ਼ਾਨੀ ਨਹੀਂ ਰੋਕੀ।
ਉਹਨਾਂ ਕਿਹਾ ਕਿ ਸਰਪੰਚਾਂ, ਕੌਂਸਲਰਾਂ ਅਤੇ ਪਾਰਟੀ ਨਾਲ ਜੁੜੇ ਵਪਾਰੀਆਂ ਨੂੰ ਵੋਟਿੰਗ ਤੋਂ ਪਹਿਲਾਂ ਸੱਤਾਧਾਰੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿਚ ਖੁੱਲ੍ਹੇ ਤੌਰ ‘ਤੇ ਦਬਾਅ ਬਣਾਇਆ ਗਿਆ। ਵੋਟਿੰਗ ਵਾਲੇ ਦਿਨ ਕਈ ਅਕਾਲੀ ਆਗੂਆਂ ਨੂੰ ਥਾਣਿਆਂ ਵਿਚ ਬਿਠਾ ਕੇ ਰੱਖਿਆ ਗਿਆ ਅਤੇ ਕਈਆਂ ਦੇ ਘਰਾਂ ਤੇ ਛਾਪੇ ਮਾਰੀ ਕਰਕੇ ਪਰਿਵਾਰਾਂ ਨੂੰ ਭੈਬੀਤ ਕੀਤਾ ਗਿਆ। ਇਹ ਸਾਰਾ ਮਾਮਲਾ ਐਸਐਸਪੀ, ਆਰਓ ਅਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਵੀ ਦੱਸਿਆ ਗਿਆ ਸੀ।
ਅਕਾਲੀ ਦਲ ਦਾ ਦੋਸ਼ ਹੈ ਕਿ ਜਦੋਂ ਚੋਣ ਕਮਿਸ਼ਨ ਨੇ ਪੁਲਿਸ ਅਫਸਰਾਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਰਾਜ ਸਰਕਾਰ ਨੇ ਇਸਨੂੰ ਆਪਣੀ ਹਾਰ ਵਜੋਂ ਲੈਂਦਿਆਂ ਬਦਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਨਤੀਜਿਆਂ ਤੋਂ ਬਾਅਦ ਕਈ ਅਕਾਲੀ ਆਗੂਆਂ ‘ਤੇ ਝੂਠੀਆਂ FIRs ਦਰਜ ਕੀਤੀਆਂ ਗਈਆਂ ਅਤੇ ਕਈਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ। ਐਸੀ ਹੀ ਇੱਕ FIR ਨੰਬਰ 0261, ਮਿਤੀ 15 ਨਵੰਬਰ 2025, ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ।
ਡਾ. ਚੀਮਾ ਨੇ ਦੱਸਿਆ ਕਿ 6 ਨਵੰਬਰ ਨੂੰ ਅਕਾਲੀ ਦਲ ਨੇ ਸ਼ੱਕੀ ਕਾਰ ਦੀ ਫਰਜ਼ੀ ਨੰਬਰ ਪਲੇਟ ਅਤੇ ਪਾਰਟੀ ਉਮੀਦਵਾਰ ਦੀ ਧੀ ਦਾ ਪਿੱਛਾ ਕਰਨ ਵਾਲੇ ਪੁਲਿਸ ਅਫਸਰਾਂ ਖ਼ਿਲਾਫ਼ ਸਬੂਤਾਂ ਸਮੇਤ ਸ਼ਿਕਾਇਤ ਦਿੱਤੀ ਸੀ, ਪਰ ਉਸ ‘ਤੇ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤਕਰਤਾਵਾਂ ‘ਤੇ ਹੀ FIR ਦਰਜ ਕਰ ਦਿੱਤੀ ਗਈ ਅਤੇ ਨਛੱਤਰ ਸਿੰਘ ਵਰਗੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਹਨਾਂ ਕਿਹਾ ਕਿ ਚੋਣ ਪ੍ਰਕਿਰਿਆ 16 ਨਵੰਬਰ 2025 ਤੱਕ ਚੱਲ ਰਹੀ ਸੀ, ਇਸਲਈ 15 ਨਵੰਬਰ ਨੂੰ FIR ਦਰਜ ਕਰਨਾ ਮਾਡਲ ਕੋਡ ਆਫ ਕੰਡਕਟ ਦੀ ਸਪੱਸ਼ਟ ਉਲੰਘਣਾ ਹੈ।
ਅੰਤ ਵਿੱਚ, ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਚੋਣ ਆਬਜ਼ਰਵਰ ਰਾਹੀਂ ਨਤੀਜਿਆਂ ਤੋਂ ਬਾਅਦ ਦਰਜ ਕੀਤੀਆਂ ਸਾਰੀਆਂ FIRs ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਅਤੇ ਸੱਤਾਧਾਰੀ ਪਾਰਟੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਚੋਣ ਪ੍ਰਕਿਰਿਆ ‘ਤੇ ਲੋਕਾਂ ਦਾ ਭਰੋਸਾ ਬਣਿਆ ਰਹੇ।
Get all latest content delivered to your email a few times a month.