ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 45 ਸਾਲਾ ਕਿਸਾਨ ਜਗਰਾਜ ਸਿੰਘ ਨੇ ਬਿਜਲੀ ਵਿਭਾਗ ਦੀ ਲਾਪਰਵਾਹੀ, ਰਿਸ਼ਵਤਖੋਰੀ ਅਤੇ ਲਗਾਤਾਰ ਤੰਗਪੇਸ਼ੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਜਗਰਾਜ ਸਿੰਘ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਆਪਣਾ ਮੋਟਰ ਕੁਨੈਕਸ਼ਨ ਆਪਣੇ ਨਾਮ ਕਰਵਾਉਣ ਲਈ ਸੰਘਰਸ਼ ਕਰ ਰਿਹਾ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਰਾਜ ਨੇ ਕਈ ਸਾਲ ਪਹਿਲਾਂ ਆਪਣੇ ਪਿੰਡ ਦੇ ਹੀ ਇੱਕ ਕਿਸਾਨ ਤੋਂ ਮੋਟਰ ਕੁਨੈਕਸ਼ਨ ਕਾਨੂੰਨੀ ਤੌਰ ’ਤੇ ਖਰੀਦਿਆ ਸੀ। ਸਾਰੇ ਦਸਤਾਵੇਜ਼ ਅਤੇ ਅਰਜ਼ੀ ਬਿਜਲੀ ਵਿਭਾਗ ਵਿੱਚ ਜਮ੍ਹਾਂ ਹੋਣ ਦੇ ਬਾਵਜੂਦ ਵੀ ਕੁਨੈਕਸ਼ਨ ਉਸਦੇ ਨਾਮ ਤਬਦੀਲ ਨਹੀਂ ਕੀਤਾ ਗਿਆ। ਹਰ ਵਾਰ ਉਹ ਦਫਤਰ ਦੇ ਚੱਕਰ ਲਾਉਂਦਾ ਰਿਹਾ, ਪਰ ਕਰਮਚਾਰੀਆਂ ਵੱਲੋਂ ਰਿਸ਼ਵਤ ਮੰਗੀ ਜਾਂਦੀ ਅਤੇ ਕੰਮ ਟਾਲਿਆ ਜਾਂਦਾ ਰਿਹਾ।
ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਦੇ ਮੁਤਾਬਕ, ਬੇਇੰਤਹਾ ਚੱਕਰਾਂ ਅਤੇ ਰਿਸ਼ਵਤ ਦੀ ਮੰਗ ਨੇ ਜਗਰਾਜ ਨੂੰ ਮਨੋਵਿਗਿਆਨਕ ਤੌਰ 'ਤੇ ਗੰਭੀਰ ਤਣਾਅ ਵਿੱਚ ਧੱਕ ਦਿੱਤਾ ਸੀ। ਦਿਲੋਂ ਟੁੱਟ ਚੁੱਕੇ ਜਗਰਾਜ ਸਿੰਘ ਨੇ ਆਖ਼ਿਰਕਾਰ ਜ਼ਹਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜਗਰਾਜ ਸਿੰਘ ਨੇ ਮਰਨ ਤੋਂ ਪਹਿਲਾਂ ਲਿਖੇ ਸੂਸਾਇਡ ਨੋਟ ਵਿੱਚ ਬਿਜਲੀ ਵਿਭਾਗ ਦੇ ਦੋ ਖ਼ਾਸ ਕਰਮਚਾਰੀਆਂ ਦੇ ਨਾਮ ਦਰਜ ਕੀਤੇ ਹਨ ਅਤੇ ਉਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ।
ਕਿਸਾਨ ਆਗੂ ਮਹਿੰਦਰ ਸਿੰਘ ਅਤੇ ਜਗਜੀਤ ਸਿੰਘ ਨੇ ਬਹੁਤ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਗਰਾਜ ਸਿੰਘ ਨਾਲ ਸਿਸਟਮੈਟਿਕ ਤਰੀਕੇ ਨਾਲ ਜ਼ਿਆਦਤੀਆਂ ਕੀਤੀਆਂ ਗਈਆਂ। ਉਨ੍ਹਾਂ ਦੇ ਮੁਤਾਬਕ ਇਹ ਕੇਵਲ ਲਾਪਰਵਾਹੀ ਨਹੀਂ, ਸਗੋਂ ਕਿਸਾਨ ਦੇ ਹੱਕਾਂ ਉੱਤੇ ਸਿੱਧਾ ਹਮਲਾ ਹੈ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਬਿਜਲੀ ਵਿਭਾਗ ਦੇ ਦੋਸ਼ੀ ਕਰਮਚਾਰੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਤਦ ਤੱਕ ਜਗਰਾਜ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਇਸ ਘਟਨਾ ਕਾਰਨ ਪਿੰਡ ਅਤੇ ਇਲਾਕੇ ਵਿੱਚ ਭਾਰੀ ਰੋਸ ਹੈ ਅਤੇ ਲੋਕ ਬਿਜਲੀ ਵਿਭਾਗ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
Get all latest content delivered to your email a few times a month.