ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉੱਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਦੀ ਤੁਰੰਤ ਰਿਲੀਜ਼ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਬਵੇਜਾ ਮੂਵੀਜ਼ ਪ੍ਰਾਈਵੇਟ ਲਿਮਿਟਡ, ਮੁੰਬਈ ਵੱਲੋਂ ਤਿਆਰ ਕੀਤੀ ਗਈ ਇਸ ਫਿਲਮ ਸੰਬੰਧੀ ਜਾਰੀ ਕੀਤੇ ਗਏ 21 ਨਵੰਬਰ 2025 ਰਿਲੀਜ਼ ਦੇ ਪੋਸਟਰਾਂ ’ਤੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੰਭੀਰ ਐਤਰਾਜ ਜਤਾਇਆ ਹੈ।
ਸਿੱਖ ਵਿਦਵਾਨਾਂ ਅਤੇ ਵਿਸ਼ੇਸ਼ ਸਬ-ਕਮੇਟੀ ਵੱਲੋਂ ਕੀਤੀ ਜਾਂਚ ਵਿੱਚ ਇਹ ਨਿਸ਼ਕਰਸ਼ ਸਾਹਮਣੇ ਆਇਆ ਹੈ ਕਿ ਫਿਲਮ ਵਿੱਚ ਗੁਰੂ ਸਾਹਿਬ ਦੀ ਜੀਵਨੀ ਨਾਲ ਜੁੜੇ ਸਿਧਾਂਤਕ, ਇਤਿਹਾਸਕ ਅਤੇ ਪ੍ਰਸਤੁਤੀਕਰਨ ਸੰਬੰਧੀ ਕਈ ਗੰਭੀਰ ਗਲਤੀਆਂ ਹਨ-ਜੋ ਸਿੱਖ ਮਰਿਆਦਾ ਅਤੇ ਪੰਥਕ ਸਿਧਾਂਤਾਂ ਦੇ ਖ਼ਿਲਾਫ਼ ਹਨ। ਰਿਪੋਰਟ ਅਨੁਸਾਰ, ਅਜਿਹੀਆਂ ਖਾਮੀਆਂ ਕਿਸੇ ਵੀ ਰੂਪ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।
ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 651 (21 ਦਸੰਬਰ 2022) ਵਿੱਚ ਵੀ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਫਿਲਮ-ਚਾਹੇ ਐਨੀਮੇਸ਼ਨ ਹੋਵੇ ਜਾਂ ਹੋਰ ਕਿਸੇ ਰੂਪ ਵਿੱਚ-ਤਿਆਰ ਨਹੀਂ ਕੀਤੀ ਜਾ ਸਕਦੀ। 02 ਮਈ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਵਿੱਚ ਵੀ ਇਹ ਫੈਸਲਾ ਇੱਕ ਵਾਰ ਫਿਰ ਦੁਹਰਾਇਆ ਗਿਆ ਸੀ ਕਿ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲ ਕਰਕੇ ਕੋਈ ਵੀ ਫਿਲਮ ਬਣਾਉਣਾ ਅਚਿਤ ਅਤੇ ਅਸਵੀਕਾਰਯੋਗ ਹੈ।
ਇਨ੍ਹਾਂ ਸਾਰੀਆਂ ਗਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿੱਖ ਸਭਿਆਚਾਰ ਤੇ ਮਰਿਆਦਾ ਦੀ ਰੱਖਿਆ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤੁਰੰਤ ਪ੍ਰਭਾਵ ਨਾਲ ਫਿਲਮ ‘ਹਿੰਦ ਦੀ ਚਾਦਰ’ ’ਤੇ ਪੂਰੀ ਪਾਬੰਦੀ ਦੀ ਘੋਸ਼ਣਾ ਕੀਤੀ ਹੈ। SGPC ਨੂੰ ਲਿਖੇ ਪੱਤਰ ਵਿੱਚ ਹੁਕਮ ਦਿੱਤੇ ਗਏ ਹਨ ਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਅਗਾਹ ਕਰਕੇ ਫਿਲਮ ਦੀ ਰਿਲੀਜ਼ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਅਤੇ ਜੇਕਰ ਫਿਲਮ 21 ਨਵੰਬਰ 2025 ਨੂੰ ਕਿਸੇ ਵੀ ਸਿਨੇਮਾ ਹਾਲ ਵਿੱਚ ਜਾਰੀ ਕੀਤੀ ਜਾਂਦੀ ਹੈ ਤਾਂ ਇਸਨੂੰ ਸਿੱਖ ਭਾਵਨਾਵਾਂ ਦੇ ਵਿਰੁੱਧ ਕਦਮ ਮੰਨਿਆ ਜਾਵੇਗਾ ਅਤੇ ਇਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ।
Get all latest content delivered to your email a few times a month.