ਤਾਜਾ ਖਬਰਾਂ
ਸਮਰਾਲਾ ਦੇ ਪਿੰਡ ਬਰਧਾਲਾਂ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਕੂਟੀ 'ਤੇ ਜਾ ਰਹੀ ਮਾਂ–ਧੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਟੱਕਰ ਮਾਰਦੀ ਹੋਈ ਆਪਣੀ ਚਪੇਟ ਵਿੱਚ ਲੈ ਲਿਆ। ਇਸ ਭਿਆਨਕ ਟੱਕਰ ਵਿੱਚ 34 ਸਾਲਾ ਰਾਜਮੀਤ ਕੌਰ, ਵਾਸੀ ਕਰਤਾਰ ਨਗਰ ਖੰਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦੀ 9 ਸਾਲਾ ਧੀ ਸ੍ਰਿਸ਼ਟੀ ਕੌਰ ਗੰਭੀਰ ਤੌਰ 'ਤੇ ਜਖਮੀ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਦੇ ਮੁਤਾਬਕ, ਟੱਕਰ ਇਤਨੀ ਜ਼ੋਰਦਾਰ ਸੀ ਕਿ ਟਰੱਕ ਸਕੂਟੀ ਨੂੰ ਟੱਕਰ ਮਾਰਣ ਤੋਂ ਬਾਅਦ ਮਾਂ–ਧੀ ਦੇ ਉੱਪਰ ਚੜ੍ਹ ਗਿਆ, ਜਿਸ ਨਾਲ ਮ੍ਰਿਤਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲ ਗਿਆ। ਸੂਚਨਾ ਮਿਲਣ 'ਤੇ ਬਰਧਾਲਾ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੇ ਰਿਸ਼ਤੇਦਾਰ ਜਗਜੀਤ ਸਿੰਘ ਕੂਨਰ ਨੇ ਦੱਸਿਆ ਕਿ ਮਾਂ–ਧੀ ਸੰਗਰਾਂਦ ਮੌਕੇ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ (ਕਟਾਣਾ ਸਾਹਿਬ) ਮੱਥਾ ਟੇਕ ਕੇ ਵਾਪਸ ਘਰ ਜਾ ਰਹੀਆਂ ਸਨ। ਜਦੋਂ ਉਹ ਬਰਧਾਲਾ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆਏ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਨੂੰ ਰੋਂਦ ਦਿੱਤਾ।
ਹਾਦਸੇ ਵਿੱਚ ਜਖਮੀ ਬੱਚੀ ਸ੍ਰਿਸ਼ਟੀ ਕੌਰ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਪਹਿਲਾਂ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਗੰਭੀਰ ਹਾਲਤ ਦੇ ਮੱਦੇਨਜ਼ਰ ਉਸਨੂੰ ਚੰਡੀਗੜ੍ਹ ਦੇ ਸੈਕਟਰ 32 ਸਿਵਲ ਹਸਪਤਾਲ ਰੈਫਰ ਕਰਨਾ ਪਿਆ।
ਖੰਨਾ ਸਿਵਲ ਹਸਪਤਾਲ ਦੀ ਡਾਕਟਰ ਰਮਨਦੀਪ ਨੇ ਪੁਸ਼ਟੀ ਕੀਤੀ ਕਿ ਮਾਂ ਨੂੰ ਹਸਪਤਾਲ ਲਿਆਂਦੇ ਸਮੇਂ ਉਹ ਦੀ ਮੌਤ ਹੋ ਚੁੱਕੀ ਸੀ। ਮ੍ਰਿਤ ਦੇਹ ਨੂੰ ਮੋਰਚਰੀ 'ਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਹਵਾਲੇ ਕਰ ਦਿੱਤਾ ਜਾਵੇਗਾ।
Get all latest content delivered to your email a few times a month.