IMG-LOGO
ਹੋਮ ਪੰਜਾਬ: ਧਰਮੀ ਫੌਜੀ ਦੇ ਨਾਂ 'ਤੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ...

ਧਰਮੀ ਫੌਜੀ ਦੇ ਨਾਂ 'ਤੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇਣਾ ਅਕਾਲੀ ਦਲ ਦਾ ਪੁਰਾਣਾ 'ਮੈਨੇਜ' ਕਰਨ ਦਾ ਤਰੀਕਾ: ਬਲਤੇਜ ਪੰਨੂ

Admin User - Nov 16, 2025 06:59 PM
IMG

ਚੰਡੀਗੜ੍ਹ, 16 ਨਵੰਬਰ:

ਆਮ ਆਦਮੀ ਪਾਰਟੀ (ਆਪ) ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਵੱਲੋਂ ਆਪਣੀ 'ਵਾਪਸੀ' ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਜੇ ਵੀ 2007-17 ਵਾਲੇ ਦੌਰ ਦੀ ਸੋਚ ਤਹਿਤ ਗੈਂਗਸਟਰਵਾਦ ਨੂੰ ਪ੍ਰਮੋਟ ਕਰਕੇ ਸਿਆਸਤ ਕਰਨਾ ਚਾਹੁੰਦੇ ਹਨ। 'ਆਪ' ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਅਕਾਲੀ ਦਲ ਨੇ 'ਧਰਮੀ ਫੌਜੀ' ਦੇ ਨਾਂਅ 'ਤੇ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਅਤੇ ਡਰਾ-ਧਮਕਾ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਆਈਟੀ ਵਿੰਗ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਵਾਪਸੀ ਹੋ ਗਈ ਹੈ, ਜੋ ਸਰਾਸਰ ਝੂਠ ਹੈ। ਉਹਨਾਂ ਚੁਟਕੀ ਲੈਂਦਿਆਂ ਕਿਹਾ, "ਇਹ ਉਹੀ ਗੱਲ ਹੈ ਜਿਵੇਂ ਪੁਰਾਣੇ ਸਮੇਂ 'ਚ ਮਾਵਾਂ ਕਨੈਣ ਦੀ ਕੌੜੀ ਗੋਲੀ 'ਤੇ ਗੁੜ ਲਾ ਕੇ ਦਿੰਦੀਆਂ ਸਨ। ਕਿਹਾ ਗਿਆ ਕਿ ਟਿਕਟ 'ਧਰਮੀ ਫੌਜੀ' ਦੇ ਪਰਿਵਾਰ ਨੂੰ ਦਿੱਤੀ, ਪਰ ਅਸਲੀਅਤ 'ਚ ਟਿਕਟ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਗਈ। ਉਹ ਧਰਮੀ ਫੌਜੀ ਕੌਣ ਸੀ, ਕਿਸੇ ਨੇ ਵੇਖਿਆ ਹੀ ਨਹੀਂ, ਤਾਂ ਜੋ ਅਸਲੀਅਤ ਸਾਹਮਣੇ ਨਾ ਆ ਜਾਵੇ।"

ਸੁਖਬੀਰ ਬਾਦਲ 'ਤੇ ਸਿੱਧਾ ਹਮਲਾ ਕਰਦਿਆਂ ਪੰਨੂ ਨੇ ਕਿਹਾ, "ਸੁਖਬੀਰ ਬਾਦਲ ਸੋਚਦੇ ਹਨ ਕਿ ਅਜੇ ਵੀ 2007 ਤੋਂ 2017 ਵਾਲਾ ਦੌਰ ਹੈ, ਜਦੋਂ ਉਹ ਗੈਂਗਸਟਰਾਂ ਨੂੰ ਪਨਾਹ ਦੇ ਕੇ ਅਤੇ ਗੈਂਗਸਟਰਵਾਦ ਨੂੰ ਪ੍ਰਮੋਟ ਕਰਕੇ ਸਿਆਸਤ ਕਰਦੇ ਸਨ, ਪਰ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ।" ਉਹਨਾਂ ਅਕਾਲੀ ਦਲ ਦੇ ਪਿਛਲੇ ਰਾਜ ਨੂੰ ਯਾਦ ਕਰਾਉਂਦਿਆਂ ਕਿਹਾ, "ਇਹ ਉਹੀ ਦੌਰ ਸੀ ਜਦੋਂ ਅੰਮ੍ਰਿਤਸਰ 'ਚ ਇੱਕ ਏ.ਐਸ.ਆਈ. ਦਾ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਕਤਲ ਕਰ ਦਿੱਤਾ ਗਿਆ, ਲੁਧਿਆਣੇ 'ਚ ਪੁਲਿਸ ਅਫ਼ਸਰ ਦੀ ਲੱਤ ਤੋੜੀ ਗਈ, ਫਰੀਦਕੋਟ 'ਚੋਂ ਕੁੜੀ ਅਗਵਾ ਹੋਈ ਅਤੇ ਨਾਭਾ ਜੇਲ੍ਹ ਬ੍ਰੇਕ ਵਰਗੀਆਂ ਘਟਨਾਵਾਂ ਇਸੇ ਗੈਂਗਸਟਰਵਾਦ ਦੀ ਦੇਣ ਸਨ।" ਉਹਨਾਂ ਕਿਹਾ ਕਿ ਗੈਂਗਸਟਰ ਲਫ਼ਜ਼ ਵੀ ਪੰਜਾਬ ਵਿੱਚ 2007 ਤੋਂ ਬਾਅਦ ਹੀ ਆਇਆ ਹੈ।

ਪੰਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਗੈਂਗਸਟਰਵਾਦ ਨੂੰ ਸ਼ਹਿ ਦਿੰਦੀ ਹੈ ਅਤੇ ਨਾ ਹੀ ਪੰਜਾਬ ਦੇ ਲੋਕ ਇਸਨੂੰ ਦੁਬਾਰਾ ਉੱਠਣ ਦੇਣਗੇ। ਉਹਨਾਂ ਦੋਸ਼ ਲਾਇਆ ਕਿ ਅਕਾਲੀ ਦਲ ਹੁਣ ਤਰਨਤਾਰਨ ਦੇ ਇਸ 'ਗੈਂਗਸਟਰ ਮਾਡਲ' ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦਾ ਹੈ। ਉਹਨਾਂ ਦਾਅਵਾ ਕੀਤਾ ਕਿ ਅਕਾਲੀ ਉਮੀਦਵਾਰ ਨੂੰ ਪਹਿਲੇ ਦੋ ਗੇੜਾਂ ਵਿੱਚ ਲੀਡ ਸਿਰਫ਼ ਉਹਨਾਂ ਪਿੰਡਾਂ ਤੋਂ ਮਿਲੀ, ਜਿੱਥੇ ਉਸ ਗੈਂਗਸਟਰ ਗਰੁੱਪ ਨੇ ਪਹਿਲਾਂ ਹੀ ਧੱਕੇ ਨਾਲ ਆਪਣੇ ਸਰਪੰਚ ਬਣਾਏ ਹੋਏ ਸਨ।

'ਆਪ' ਆਗੂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ ਨੂੰ ਖੁੱਲ੍ਹ ਕੇ ਧਮਕਾਇਆ ਗਿਆ। "ਸਾਡੇ ਏਰੀਏ 'ਚ 'ਬਹਿਕਾਂ' (ਖੇਤਾਂ 'ਚ ਘਰ) 'ਤੇ ਜਾ ਕੇ ਲੋਕਾਂ ਨੂੰ ਫੋਨ 'ਤੇ ਗੱਲ ਕਰਵਾਈ ਗਈ ਅਤੇ ਧਮਕੀ ਦਿੱਤੀ ਗਈ ਕਿ 'ਯਾਦ ਆ ਸੋਨੂੰ ਚੀਮੇ ਦਾ ਕੀ ਹਾਲ ਹੋਇਆ ਸੀ? ਜੇ ਸਾਨੂੰ ਵੋਟਾਂ ਨਾ ਪਾਈਆਂ ਤਾਂ ਤੁਹਾਡਾ ਵੀ ਉਹੀ ਹਾਲ ਕਰਾਂਗੇ'।" ਉਹਨਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸਦਾ ਬਕਾਇਦਾ ਪਰਚਾ ਵੀ ਦਰਜ ਹੈ।

ਬਲਤੇਜ ਪੰਨੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਇਸ ਸਾਰੇ ਮਾਮਲੇ ਦੀ ਇੱਕ 'ਸਿੱਟ' (SIT) ਬਣਾ ਕੇ ਜਾਂਚ ਕੀਤੀ ਜਾਵੇ। ਉਹਨਾਂ ਕਿਹਾ, "ਫੋਨ ਦਾ ਰਿਕਾਰਡ ਕਢਵਾਇਆ ਜਾਣਾ ਚਾਹੀਦਾ ਹੈ ਕਿ ਕਿੰਨਾਂ-ਕਿੰਨਾਂ ਲੋਕਾਂ ਨੂੰ ਇਹ ਧਮਕੀਆਂ ਆਈਆਂ, ਕਿਉਂਕਿ ਫੋਨ ਦਾ ਰਿਕਾਰਡ ਕਿਤੇ ਨਹੀਂ ਜਾਂਦਾ। ਜਿਨ੍ਹਾਂ ਲੋਕਾਂ ਨੂੰ ਧਮਕੀਆਂ ਆਈਆਂ, ਉਹ ਵੀ ਅੱਗੇ ਆਉਣ, ਸਰਕਾਰ ਉਹਨਾਂ ਨੂੰ ਪੂਰੀ ਸੁਰੱਖਿਆ ਦੇਵੇਗੀ।"

ਉਹਨਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਤੰਜ਼ ਕੱਸਦਿਆਂ ਕਿਹਾ, "ਜਾਖੜ ਸਾਹਿਬ ਅੱਜ ਪੰਜਾਬ 'ਚ ਗੈਂਗਸਟਰਵਾਦ ਵਧਣ ਦੀ ਗੱਲ ਕਰ ਰਹੇ ਸਨ, ਪਰ ਕੱਲ੍ਹ ਉਹੀ ਸੁਖਬੀਰ ਬਾਦਲ ਨਾਲ ਇੱਕ ਵਿਆਹ 'ਚ ਸੋਫੇ 'ਤੇ ਬੈਠ ਕੇ "ਹਾਸੀਆਂ ਖੇਡੀਆਂ" ਕਰ ਰਹੇ ਸਨ। ਪਤਾ ਨਹੀਂ ਉਹਨਾਂ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਨਹੀਂ ਕਿ ਇਹ ਗੈਂਗਸਟਰ ਪਰਿਵਾਰ ਵਾਲਾ ਉਮੀਦਵਾਰ ਕਿੱਥੋਂ ਲੱਭ ਕੇ ਲਿਆਂਦਾ? ਕੀ ਅਕਾਲੀ ਦਲ 2027 ਵਿੱਚ ਵੀ ਇਸੇ ਤਰੀਕੇ ਨਾਲ ਸਿਆਸਤ ਕਰੇਗਾ ਜਾਂ ਫਿਰ ਤੌਬਾ ਕਰੇਗਾ?"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.