ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਮੁਖੀ ਨਛੱਤਰ ਸਿੰਘ ਦੀ ਗ੍ਰਿਫ਼ਤਾਰੀ ਨੂੰ ਪੂਰੀ ਤਰ੍ਹਾਂ ਅਨਯਾਇਕ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਇਹ ਕਾਰਵਾਈ ਨਾ ਕੇਵਲ ਗੈਰ-ਲੋਕਤਾਂਤ੍ਰਿਕ ਹੈ, ਸਗੋਂ ਸਰਕਾਰ ਦੀ ਬੇਚੈਨੀ ਅਤੇ ਅੰਦਰੂਨੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ।
ਐਡਵੋਕੇਟ ਧਾਮੀ ਨੇ ਦਾਅਵਾ ਕੀਤਾ ਕਿ ਜਦੋਂ ਕੋਈ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਯੋਗਤਾ, ਇਮਾਨਦਾਰੀ ਅਤੇ ਪ੍ਰਬੰਧਕੀ ਸਮਰਥਾ ਖੋ ਬੈਠਦੀ ਹੈ, ਤਾਂ ਉਹ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਅਸਲੀ ਚਿਹਰੇ ਨੂੰ ਓਹਲੇ ਕਰਨ ਦੀ ਕੋਸ਼ਿਸ਼ ਕਰਦੀ ਹੈ। ਨਛੱਤਰ ਸਿੰਘ ਉੱਤੇ ਧਰਿਆ ਗਿਆ ਮੁਕੱਦਮਾ ਇਸੇ ਤਰ੍ਹਾਂ ਦੀ ਦਬਾਅ-ਨੀਤੀ ਦੀ ਮਿਸਾਲ ਹੈ। ਧਾਮੀ ਨੇ ਕਿਹਾ ਕਿ ਅਜਿਹੀਆਂ ਗ੍ਰਿਫ਼ਤਾਰੀਆਂ ਕੇਵਲ ਇਕ ਵਿਅਕਤੀ ਖਿਲਾਫ਼ ਨਹੀਂ, ਬਲਕਿ ਸੂਬੇ ਦੇ ਹਰ ਉਸ ਨੌਜਵਾਨ ਲਈ ਚੇਤਾਵਨੀ ਹਨ ਜੋ ਸੱਤਾ ਦੇ ਬੇਜਾ ਵਰਤੋਂ ਬਾਰੇ ਸਵਾਲ ਪੁੱਛਣ ਦੀ ਹਿੰਮਤ ਰੱਖਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਖੜ੍ਹਾ ਰਿਹਾ ਹੈ ਅਤੇ ਮਾਨ ਸਰਕਾਰ ਦੀ ਇਹ ਭੁੱਲ ਹੈ ਕਿ ਉਹ ਦਮਨਾਤਮਕ ਤਰੀਕਿਆਂ ਨਾਲ ਵਿਰੋਧ ਦੀ ਆਵਾਜ਼ ਨੂੰ ਦਬਾ ਸਕਦੀ ਹੈ। ਲੋਕਤੰਤਰ ਵਿੱਚ ਹਕੂਮਤ ਦਾ ਆਧਾਰ ਜਬਰ ਨਹੀਂ, ਸਗੋਂ ਲੋਕਾਂ ਦਾ ਭਰੋਸਾ ਹੁੰਦਾ ਹੈ।
ਧਾਮੀ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦਾ ਵਰਤਾਰਾ ਰਾਜਨੀਤਿਕ ਬੇਇਮਾਨੀ ਅਤੇ ਤਾਨਾਸ਼ਾਹੀ ਸੋਚ ਦੀ ਨਿਸ਼ਾਨੀ ਹੈ ਅਤੇ ਪੰਜਾਬ ਦੇ ਲੋਕ ਕਦੇ ਵੀ ਅਜਿਹੇ ਤਰੀਕਿਆਂ ਨੂੰ ਸਵੀਕਾਰ ਨਹੀਂ ਕਰਨਗੇ।
Get all latest content delivered to your email a few times a month.