ਤਾਜਾ ਖਬਰਾਂ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਆਰੰਭ ਕੀਤਾ ਗਿਆ ਸ਼ਹੀਦੀ ਨਗਰ ਕੀਰਤਨ ਅੱਜ ਮਹੱਤਵਪੂਰਨ ਪੜਾਅ ਦੀਆਂ ਰਸਮਾਂ ਨੂੰ ਪੂਰਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ, ਲੁਧਿਆਣਾ ਤੋਂ ਅਗਲੇ ਸਥਾਨ ਗੁਰਦੁਆਰਾ ਟਾਹਲੀਆਣਾ ਸਾਹਿਬ (ਰਾਏਕੋਟ) ਵੱਲ ਰਵਾਨਾ ਹੋਇਆ। ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਧੋਬੜੀ ਸਾਹਿਬ, ਆਸਾਮ ਤੋਂ ਕੀਤੀ ਗਈ ਸੀ, ਜਿਸਦੀ ਹਰ ਪੜਾਅ ‘ਤੇ ਸੰਗਤਾਂ ਵੱਲੋਂ ਬੇਅੰਤ ਭਗਤੀ ਅਤੇ ਸ਼ਰਧਾ ਨਾਲ ਸੇਵਾ ਨਿਭਾਈ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਆਲਮਗੀਰ ਵਿਖੇ ਸਜੇ ਧਾਰਮਿਕ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤਾਂ ਅੱਗੇ ਗੁਰੂ ਤੇਗ ਬਹਾਦਰ ਜੀ ਦੀ ਅਵਿਨਾਸ਼ੀ ਸ਼ਹਾਦਤ ਅਤੇ ਉਸ ਇਤਿਹਾਸਿਕ ਬਲੀਦਾਨ ਦੀ ਵਿਸਥਾਰ ਨਾਲ ਚਰਚਾ ਕੀਤੀ।
ਨਗਰ ਕੀਰਤਨ ਦੀ ਰਵਾਨਗੀ ਦੌਰਾਨ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਜਾਉਣ ਦੀ ਸੇਵਾ ਵੀ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਨਿਭਾਈ ਗਈ। ਗੁਰਦੁਆਰਾ ਪ੍ਰਬੰਧਕਾਂ ਨੇ ਇਸ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਸਮਾਗਮ ਵਿੱਚ ਪਹੁੰਚੀਆਂ ਅਹਿਮ ਹਸਤੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਰਸਤੇ ਵਿੱਚ ਵੱਖ–ਵੱਖ ਪੜਾਅਾਂ 'ਤੇ ਸੰਗਤਾਂ ਨੇ ਫੁੱਲ-ਮਾਲਾਵਾਂ ਅਤੇ ਲੰਗਰ ਦੀ ਸੇਵਾ ਰਾਹੀਂ ਨਗਰ ਕੀਰਤਨ ਦਾ ਜ਼ਬਰਦਸਤ ਸਵਾਗਤ ਕੀਤਾ। ਧਾਰਮਿਕ ਜੋਸ਼ ਨਾਲ ਭਰਪੂਰ ਇਹ ਯਾਤਰਾ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਧਾਰਮਿਕ ਸਮਾਰੋਹ ਨੂੰ ਸ਼ੋਭਾ ਬਖ਼ਸ਼ਣ ਲਈ SGPC ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੈਂਬਰ ਪ੍ਰਿਤਪਾਲ ਸਿੰਘ ਪਾਲੀ, ਹਰਪਾਲ ਸਿੰਘ ਜੱਲ੍ਹਾ, ਰਘਬੀਰ ਸਿੰਘ ਸਹਾਰਨਮਾਜਰਾ, ਬਲਵਿੰਦਰ ਸਿੰਘ ਬੈਂਸ, ਮੀਤ ਸਕੱਤਰ ਮਨਜੀਤ ਸਿੰਘ ਤਲਵੰਡੀ, ਇੰਚਾਰਜ ਹਰਜਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਇਕਬਾਲ ਸਿੰਘ ਮਾਖੀ, ਸੁਪਰਵਾਈਜ਼ਰ ਲਾਲ ਸਿੰਘ, ਸੁਖਰਾਜ ਸਿੰਘ, ਗੁਰਮੀਤ ਸਿੰਘ ਅਤੇ ਪੁਲਿਸ ਵਿਭਾਗ ਤੋਂ ਗੁ: ਇੰਸਪੈਕਟਰ ਰਣਜੀਤ ਸਿੰਘ, ਸ਼ਰਨਜੀਤ ਸਿੰਘ ਅਤੇ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਵੱਡੇ ਜਜ਼ਬੇ ਨਾਲ ਹਾਜ਼ਰ ਸਨ।
Get all latest content delivered to your email a few times a month.