ਤਾਜਾ ਖਬਰਾਂ
ਜਲੰਧਰ, 16 ਨਵੰਬਰ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਪੰਜਾਬ ਦੀ ਰਾਜਨੀਤੀ ਵਿੱਚ "ਗੈਂਗਸਟਰਵਾਦ ਨੂੰ ਸੰਸਥਾਗਤ ਬਣਾਉਣ" ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਹਿਲਾਂ ਪਾਰਟੀ "ਗੈਂਗਸਟਰਾਂ ਨੂੰ ਪਨਾਹ ਦਿੰਦੀ ਸੀ ਤੇ ਹੁਣ "ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਧਿਕਾਰਤ ਉਮੀਦਵਾਰਾਂ ਵਜੋਂ ਖੜ੍ਹਾ ਕਰਨ" ਵੱਲ ਵਧ ਗਈ ਹੈ।
ਜਲੰਧਰ ਦੇ ਡੇਵੀਏਟ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਹਾਲ ਹੀ ਵਿੱਚ ਹੋਈ ਤਰਨਤਾਰਨ ਜਿਮਨੀ ਚੋਣ ਵਿੱਚ ਇੱਕ ਬਦਨਾਮ ਗੈਂਗਸਟਰ ਦੀ ਸੱਸ ਨੂੰ ਪਾਰਟੀ ਦੇ ਉਮੀਦਵਾਰ ਵਜੋਂ ਖੜ੍ਹਾ ਕਰਨ ਲਈ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕੀਤੀ। ਉਨ੍ਹਾਂ ਪੁੱਛਿਆ ਕਿ ਕੀ ਅਕਾਲੀ ਦਲ ਵਿੱਚ ਹੁਣ ਸਮਰਪਿਤ ਵਰਕਰਾਂ ਅਤੇ ਆਗੂਆਂ ਦੀ ਘਾਟ ਹੋ ਗਈ ਹੈ? ਗੈਂਗਸਟਰਾਂ ਜਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਟਿਕਟਾਂ ਕਿਉਂ ਦਿੱਤੀਆਂ ਜਾ ਰਹਿਆਂ ਹਨ? ਇਹ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦਿੰਦਾ ਹੈ?"
ਇਸ ਘਟਨਾਕ੍ਰਮ ਨੂੰ ਸੂਬੇ ਦੀ ਰਾਜਨੀਤੀ ਵਿੱਚ "ਨਵਾਂ ਨੀਵਾਂ" ਦੱਸਦਿਆਂ, ਅਰੋੜਾ ਨੇ ਦੋਸ਼ ਲਗਾਇਆ ਕਿ ਜਿਮਨੀ ਚੋਣ ਨੇ ਰਾਜਨੀਤਿਕ ਸਰਪ੍ਰਸਤੀ ਅਤੇ ਅਪਰਾਧਿਕ ਨੈਟਵਰਕਾਂ ਵਿਚਕਾਰ ਡੂੰਘੇ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਬਾਦਲ ਪਰਿਵਾਰ ਦੇ "ਸੰਗਠਿਤ ਅਪਰਾਧ ਨਾਲ ਨੇੜਲੇ ਸਬੰਧਾਂ" ਦੀ ਵਿਆਪਕ SIT ਜਾਂਚ ਦੀ ਮੰਗ ਕੀਤੀ ਤਾਂ ਜੋ "ਸੱਚ ਸਾਹਮਣੇ ਆ ਸਕੇ।"
ਆਪਣੇ ਬਿਆਨ ਵਿੱਚ ਸਪੱਸ਼ਟ ਵਿਚਾਰਧਾਰਕ ਮਤਭੇਦਾਂ ਨੂੰ ਉਜਾਗਰ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਅਸੀਂ, ਆਮ ਆਦਮੀ ਪਾਰਟੀ, ਸੇਵਾ ਅਤੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਦਾ ਵਿਸ਼ਵਾਸ ਜਿੱਤਦੇ ਹਾਂ। ਇਸ ਦੇ ਉਲਟ, ਸੁਖਬੀਰ ਬਾਦਲ ਦਾ ਅਕਾਲੀ ਦਲ ਡਰ, ਦਬਾਅ ਅਤੇ ਧਮਕੀਆਂ ਰਾਹੀਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਪਰਾਧ ਨਾਲ ਇਹ ਨਿਰਾਸ਼ਾਜਨਕ ਗਠਜੋੜ ਇੱਕ ਰਾਜਨੀਤਿਕ ਅਤੇ ਨੈਤਿਕ ਤੌਰ 'ਤੇ ਦੀਵਾਲੀਆ ਪਾਰਟੀ ਦੀ ਪਛਾਣ ਹੈ, ਜੋ ਹੁਣ ਜਨਤਾ 'ਤੇ ਅਪਰਾਧੀਆਂ ਨੂੰ ਥੋਪ ਕੇ ਆਪਣੀ ਸਾਰਥਕਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹੈ।"
ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ "ਗੁੰਡਾਗਰਦੀ" ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਨੇ ਤਰਨਤਾਰਨ ਜਿਮਨੀ ਚੋਣ ਦੌਰਾਨ ਵਿਦੇਸ਼ਾਂ ਵਿੱਚ ਸਥਿਤ ਇੱਕ ਗੈਂਗਸਟਰ ਰਾਹੀਂ ਧਮਕੀਆਂ ਦੇਣ ਦੇ ਦੋਸ਼ ਵਿੱਚ ਅਕਾਲੀ ਦਲ ਦੇ ਆਈਟੀ ਸੈੱਲ ਮੁਖੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ, ਕਾਨੂੰਨ ਉਨ੍ਹਾਂ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ।
ਤਰਨਤਾਰਨ ਦੇ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਰ ਅਤੇ ਡਰਾਉਣ ਦੀ ਰਾਜਨੀਤੀ ਨੂੰ ਰੱਦ ਕਰਕੇ ਲੋਕਤੰਤਰ ਦੀ ਜਿੱਤ ਯਕੀਨੀ ਬਣਾਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ “ਢੁਕਵਾਂ ਅਤੇ ਮਿਸਾਲੀ” ਜਵਾਬ ਦੇਣ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਰੋੜਾ ਨੇ ਨਵੀਂ ਦਿੱਲੀ ਬੰਬ ਧਮਾਕੇ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਇਸਨੂੰ “ਗੰਭੀਰ ਖੁਫੀਆ ਗਲਤੀ” ਦੱਸਿਆ ਅਤੇ ਕਿਹਾ ਕਿ ਪੰਜਾਬ, ਜੋ ਦਹਾਕਿਆਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ, ਆਪਣੀ ਸੰਵੇਦਨਸ਼ੀਲ ਸਰਹੱਦੀ ਸਥਿਤੀ ਨੂੰ ਦੇਖਦੇ ਹੋਏ, ਅਜਿਹੇ ਖਤਰਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਨਾਲ ਪੂਰਾ ਸਹਿਯੋਗ ਕਰਨ ਲਈ ਵਚਨਬੱਧ ਹੈ।
Get all latest content delivered to your email a few times a month.