ਤਾਜਾ ਖਬਰਾਂ
ਲੁਧਿਆਣਾ, 16 ਨਵੰਬਰ-
ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਹਰਾ ਨਗਰ ਕੀਰਤਨ ਦੀ ਸ਼ੁਰੂਆਤ ਪੰਜਾਂ ਪਿਆਰਿਆਂ ਵੱਲੋਂ ਬੁੱਢੇ ਦਰਿਆ ਕਿਨਾਰੇ ਬੂਟੇ ਲਾ ਕੇ ਕੀਤੀ ਗਈ। ਇਹ ਪਹਿਲਾਂ ਮੌਕਾ ਹੈ ਜਦੋਂ ਬੁੱਢੇ ਦਰਿਆ ਦੇ ਕਿਨਾਰੇ ਤੋਂ ਹਰਾ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਗੁਰਬਾਣੀ ਦੇ ਹਵਾਲਿਆਂ ਨਾਲ ਹਵਾ, ਪਾਣੀ ਤੇ ਧਰਤੀ ਮਾਂ ‘ਤੇ ਚਰਚਾ ਕੀਤੀ ਗਈ। ਸ਼੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠਾਂ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲਿਆ ਇਹ ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਗਾਊਘਾਟ ਵਿਖੇ ਪਹੁੰਚ ਕੇ ਸੰਪਨ ਹੋਇਆ। ਸੰਗਤ ਘਾਟ ਪਹੁੰਚਣ ‘ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਵਿੱਚ ਭਾਰੀ ਉਤਸ਼ਾਹ ਤੇ ਚਾਅ ਦੇਖਣ ਨੂੰ ਮਿਲਿਆ। ਇੱਥੇ ਸੰਗਤਾਂ ਸਵੇਰ ਤੋਂ ਨਗਰ ਕੀਰਤਨ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਸਨ।
ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਬੁੱਢੇ ਦਰਿਆ ਤੋਂ ਨਗਰ ਕੀਰਤਨ ਸ਼ੁਰੂ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਗੰਧਲੇ ਪਾਣੀਆਂ ਵੱਲ ਧਿਆਨ ਖਿੱਚਿਆ ਹੈ। ਉਹਨਾਂ ਕਿਹਾ ਕਿ ਇਸ ਨਗਰ ਕੀਰਤਨ ਰਾਹੀ ੳੇੁਹਨਾਂ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇੱਕ ਨਿੱਗਰ ਰਾਹ ਦਿਖਾਇਆ ਹੈ। ਕੈਬਨਿਟ ਮੰਤਰੀ ਨੇ ਵੀ ਸੰਤ ਸੀਚੇਵਾਲ ਦੇ ਨਾਲ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੱਡੀ ਪੱਧਰ ‘ਤੇ ਵੰਡਿਆ।
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਟੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਮੀਦ ਪ੍ਰਗਟਾਈਂ ਬੁੱਢਾ ਦਰਿਆ ਇਕ ਦਿਨ ਪਹਿਲਾਂ ਵਾਂਗ ਹੀ ਕਲ੍ਹ-ਕਲ੍ਹ ਕਰਦਾ ਹੋਇਆ ਵਗੇਗਾ। ਉਨ੍ਹਾਂ ਕਿਹਾ ਕਿ ਭੂਖੜੀ ਖੁਰਦ ਤੋਂ ਲੈਕੇ ਸੰਗਤਘਾਟ ਤੱਕ ਬੁੱਢੇ ਦਰਿਆ ਦੇ ਪਾਣੀ ਵਿੱਚ ਵੱਡੇ ਪੱੱਧਰ ‘ਤੇ ਸੁਧਾਰ ਹੋਇਆ ਹੈ।
ਇਹ ਨਗਰ ਕੀਰਤਨ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿਂਘ ਸੀਚੇਵਾਲ ਨੇ ਸਾਲ ਭਰ ਵਿੱਚ ਤਿੰਨ ਲੱਖ 50 ਹਾਜ਼ਾਰ ਬੂਟੇ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਪੰਜਾਂ ਨਗਰ ਕੀਰਤਨਾਂ ਵਿੱਚ ਬੂਟਿਆਂ ਦਾ ਪ੍ਰਸ਼ਾਦ ਵੱਡੀ ਪੱਧਰ ‘ਤੇ ਵੰਡਿਆ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਨਾਲ ਹੀ ਇਹ ਤੰਦਰੁਸਤ ਹੋਵੇਗਾ। ਇਸ ਵਾਰ ਛੇ ਹਰੇ ਨਗਰ ਕੀਰਤਨਾਂ ਨੇ ਪੰਜਾਬ ਨੂੰ ਹਰਿਆ-ਭਰਿਆ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਨਗਰ ਕੀਰਤਨ ਦੌਰਾਨ ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਹੋਰ ਭੱਖਦੇ ‘ਤੇ ਚਰਚਾ ਕੀਤੀ ਉਥੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਸੰਘਰਸ਼ ਦੀ ਡਟਵੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਖੋਜਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਉਥੋਂ ਵਿਗਿਆਨੀ ਪੈਦਾ ਹੋਣ ਨਾ ਕਿ ਬੱਚਿਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕਰਨਾ ਚਾਹੀਦਾ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਇਸ ਗੱਲ ਤੋਂ ਵਰਜਿਆਂ ਕਿ ਉਹ ਯੂਨੀਵਰਸਿਟੀਆਂ ਨੂੰ ਆਪਣੀ ਸਿਆਸਤ ਦਾ ਹਿੱਸਾ ਨਾ ਬਣਾਉਣ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ ਤਾਂ ਜੋ ਸੂਬੇ ਵਿੱਚ ਨੌਜਵਾਨ ਲੀਡਰਸ਼ਿਪ ਪੈਦਾ ਹੋ ਸਕੇ।
ਇਸ ਹਰੇ ਨਗਰ ਕੀਰਤਨ ਵਿੱਚ ਅੱਠ ਹਜ਼ਾਰ ਦੇ ਕਰੀਬ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੇ ਗਏ। ਇਸ ਨਗਰ ਕੀਰਤਨ ਵਿੱਚ ਹੋਰਨਾਂ ਤੋਂ ਇਲਾਵਾ ਪਿੰਡ ਭੂਖੜੀ ਖੁਰਦ ਤੋਂ ਸਰਪੰਚ ਸਤਪਾਲ ਸਿੰਘ, ਭੂਖੜੀ ਕਲਾਂ ਦੇ ਸਰਪੰਚ, ਗੁਰੁ ਰਾਮਦਾਸ ਨਗਰ ਦੇ ਸਰਪੰਚ ਬਲਵਿੰਦਰ ਸਿੰਘ, ਖਾਸੀ ਕਲਾਂ ਦੇ ਸਰਪੰਚ ਕਮਰਜੀਤ ਗਰੇਵਾਲ, ਪਿੰਡ ਚੱਕ ਚੇਲਾ ਦੇ ਸਰਪੰਚ ਤੇਗਾ ਸਿੰਘ, ਅਮਰ ਕਲੋਨੀ ਦੇ ਸਰਪੰਚ ਹਰਜਿੰਦਰ ਹੁੰਦਲ, ਪਿੰਡ ਸੀਚੇਵਾਲ ਦੇ ਸਰਪੰਚ ਬੂਟਾ ਸਿੰਘ, ਜਸਬੀਰ ਸਿੰਘ ਗਰੇਵਾਲ, ਨੇਕ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਕੀਰਤਨ ਨਾਲ ਜੋੜਿਆ ਗਿਆ। ਸਕੂਲ਼ ਦੇ ਬੱਚਿਆਂ ਵੱਲੋਂ ਤਖਤੀ ਰਾਹੀ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਤੇ ਗਤਕੇ ਦੇ ਖਿਡਾਰੀਆਂ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਗੱਤਕੇ ਦੇ ਜ਼ੋਹਰ ਦਿਖਾਏ ਗਏ।
ਬਾਕਸ ਆਈਟਿਮ
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਪਹਿਲੀਵਾਰ ਨਗਰ ਕੀਰਤਨ ਸਜਾਇਆ ਗਿਆ। ਭੂਖੜੀ ਦੇ ਗੁਰੁ ਘਰ ਤੋਂ ਸ਼ੁਰੂ ਹੋਇਆ ਇਸ ਨਗਰ ਕੀਰਤਨ ਦਾ ਗੁਰਦੁਆਰਾ ਗਾਊਘਾਟ ਤੱਕ ਦੇ ਸਾਰੇ ਰਸਤੇ ਵਿੱਚ ਸੰਗਤਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਕੀਤਾ। ਸਮਾਜ ਸੇਵੀ ਜੱਥੇਬੰਦੀਆਂ ਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਨਗਰ ਕੀਰਤਨ ਵਿੱਚ ਚੱਲ ਰਹੀਆਂ ਸੰਗਤਾਂ ਲਈ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਲਾਈ ਰੱਖਿਆਂ। ਸੰਗਤਾਂ ਘਾਟ ਵਿਖੇ ਬੁੱਢੇ ਦਰਿਆ ਦੇ ਪਾਣੀ ਦਾ ਅੱਜ ਦਾ ਟੀਡੀਐਸ 144 ਦੇ ਕਰੀਬ ਆਇਆ।
Get all latest content delivered to your email a few times a month.