ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਵਿਰੁੱਧ ਗੰਭੀਰ ਦੋਸ਼ ਲਗਾਏ। ਧਾਲੀਵਾਲ ਨੇ ਕਿਹਾ ਕਿ ਤਰਨ ਤਾਰਨ ਦੀ ਚੋਣ ਮੁਹਿੰਮ ਦੌਰਾਨ ਅਕਾਲੀ ਦਲ ਵੱਲੋਂ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਮਦਦ ਨਾਲ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਅਨੁਸਾਰ, ਆਪ ਉਮੀਦਵਾਰ ਨੂੰ ਵੀ ਅਕਾਲੀ ਵਰਕਰਾਂ ਵੱਲੋਂ ਧਮਕਾਇਆ ਗਿਆ।
ਧਾਲੀਵਾਲ ਨੇ ਆਰੋਪ ਲਗਾਇਆ ਕਿ ਅਕਾਲੀ ਦਲ ਨੇ ਤਰਨ ਤਾਰਨ ਦੇ ਕਈ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਾਇਆ ਅਤੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਗੁੰਡਾਗਰਦੀ ਦਾ ਸਹਾਰਾ ਲਿਆ। ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਗੈਂਗਸਟਰਵਾਦ ਨੂੰ ਜਨਮ ਦੇਣ ਵਾਲੇ ਹੀ ਅੱਜ ਇਸਦੇ ਖ਼ਿਲਾਫ਼ ਬੋਲ ਰਹੇ ਹਨ, ਜਦਕਿ ਸਥਾਨਕ ਲੋਕਾਂ ਨੇ ਵਿਕਾਸ ਦੇ ਨਾਂ ’ਤੇ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦਿੱਤਾ।
ਧਾਲੀਵਾਲ ਨੇ ਦਾਅਵਾ ਕੀਤਾ ਕਿ ਆਪ ਦੀ ਸਰਕਾਰ ਨੇ ਤਿੰਨ ਸਾਲਾਂ ਵਿੱਚ ਸਿਹਤ, ਸਿੱਖਿਆ ਅਤੇ ਬਿਜਲੀ ਦੇ ਖੇਤਰਾਂ ਵਿੱਚ ਇਤਿਹਾਸਕ ਤਬਦੀਲੀਆਂ ਕੀਤੀਆਂ ਹਨ ਅਤੇ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲਿਆ ਹੈ। ਇਸਦੇ ਨਾਲ ਉਹਨਾਂ ਨੇ ਅਪੀਲ ਕੀਤੀ ਕਿ ਲੋਕ ਅਕਾਲੀ ਦਲ, ਕਾਂਗਰਸ ਜਾਂ ਭਾਜਪਾ ਦੇ “ਖਾਲੀ ਵਾਅਦਿਆਂ” ’ਤੇ ਭਰੋਸਾ ਨਾ ਕਰਨ।
ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੇ ਤੁਰੰਤ ਧਾਲੀਵਾਲ ਦੇ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਰੱਦ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਆਪ ਨੂੰ ਤਰਨ ਤਾਰਨ ਤੋਂ ਉਮੀਦਵਾਰ ਹੀ ਨਹੀਂ ਲੱਭਿਆ, ਜਿਸ ਕਰਕੇ ਉਹਨਾਂ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਚੋਣ ਲੜਾਈ।
ਕਲੇਰ ਨੇ ਦਾਅਵਾ ਕੀਤਾ ਕਿ ਆਪ ਇਸ ਵੇਲੇ ਬੌਖਲਾਹਟ ਦੀ ਸਥਿਤੀ ਵਿੱਚ ਹੈ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਰੁੱਧ ਝੂਠੇ ਕੇਸ ਲਗਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਹੀ ਉਹਨਾਂ ਦੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੂੰ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਸਰਕਾਰ ਦੀ ਰਾਜਨੀਤਿਕ ਬਦਲੇ ਦੀ ਨੀਤੀ ਨੂੰ ਬਿਆਨ ਕਰਦਾ ਹੈ।
Get all latest content delivered to your email a few times a month.