ਤਾਜਾ ਖਬਰਾਂ
ਗੁਰਦੁਆਰਾ ਮੱਟਣ ਸਾਹਿਬ ਤੋਂ ਕੱਲ੍ਹ ਸ਼ੁਰੂ ਹੋਇਆ ਇਤਿਹਾਸਕ ਨਗਰ ਕੀਰਤਨ ਅੱਜ ਆਪਣੇ ਦੂਜੇ ਦਿਨ ਡਿਗੀਆਨਾ ਆਸ਼ਰਮ, ਜੰਮੂ ਤੋਂ ਅਗਲੇ ਪੜਾਅ ਵੱਲ ਵਧਿਆ। ਸਮਾਗਮ ਦੀ ਵਿਸ਼ੇਸ਼ ਮਹਿਮਾਨਗੀ ਜੰਮੂ–ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ੍ਰੀ ਮਨੋਜ ਸਿਨਹਾ ਨੇ ਨਿਭਾਈ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਨਮਸਕਾਰ ਕੀਤਾ ਅਤੇ ਸਤਿਕਾਰ ਭੇਟ ਕੀਤਾ।
ਸਮਾਰੋਹ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰੀਆਂ ਨੇ ਐਲ ਜੀ ਮਨੋਜ ਸਿਨਹਾ ਨੂੰ ਸਨਮਾਨਿਤ ਕੀਤਾ। ਗੁਰਪ੍ਰੀਤ ਸਿੰਘ ਝੱਬਰ, ਸੁਰਜੀਤ ਸਿੰਘ ਤੁਗਲਵਾਲ, ਖੁਸ਼ਵਿੰਦਰ ਸਿੰਘ ਭਾਟੀਆ, ਸੁਖਵਰਸ ਸਿੰਘ ਪੰਨੂ ਅਤੇ ਮਹੰਤ ਮਨਜੀਤ ਸਿੰਘ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਰਹੇ।
ਆਪਣੇ ਸੰਬੋਧਨ ਵਿੱਚ ਗਿਆਨੀ ਟੇਕ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਸ਼ਾਲ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਭਾਰਤ ਦੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਇਕ ਅਮਰ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਕਿਹਾ ਕਿ 350ਵੀਂ ਸ਼ਹੀਦੀ ਸ਼ਤਾਬਦੀ 'ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਕਰਨਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ।
ਇਸੇ ਮੌਕੇ ਐਲ ਜੀ ਮਨੋਜ ਸਿਨਹਾ ਨੇ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਦੀ ਅਸਧਾਰਣ ਬਲੀਦਾਨ ਗਾਥਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜਦੋਂ ਮੁਗਲ ਹਾਕਮਾਂ ਵੱਲੋਂ ਕਸ਼ਮੀਰੀ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ, ਤਦ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਪਾਸ ਅਰਦਾਸ ਕੀਤੀ। ਉਸ ਵੇਲੇ ਗੁਰੂ ਸਾਹਿਬ ਨੇ ਜ਼ੁਲਮ ਵਿਰੁੱਧ ਖੜ੍ਹ ਕੇ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ—ਇਹ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਨਿਰਾਲੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਕੋਨਾਂ ਵਿੱਚ ਹੋ ਰਹੇ ਇਹ ਸਮਾਗਮ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਪਦੇਸ਼ਾਂ ਨਾਲ ਜੋੜਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਣਗੇ। ਐਲ ਜੀ ਨੇ ਇਹ ਵੀ ਕਿਹਾ ਕਿ ਇਸ ਮਹਾਨ ਨਗਰ ਕੀਰਤਨ ਦੇ ਦਰਸ਼ਨ ਕਰਨਾ ਆਪਣੇ ਆਪ ਵਿੱਚ ਉਹਨਾਂ ਲਈ ਵੱਡਾ ਸੁਭਾਗ ਹੈ।
ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਡਿਗੀਆਨਾ ਵਿੱਚ ਲੱਗੇ ਧਾਰਮਿਕ ਦੀਵਾਨ ਦੌਰਾਨ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਮਹੰਤ ਮਨਜੀਤ ਸਿੰਘ ਨੇ ਕੀਤੀ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਿੱਚ ਸਜਾਉਣ ਦੀ ਸੇਵਾ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਨਿਭਾਈ ਗਈ। ਜੰਮੂ ਤੋਂ ਰਵਾਨਗੀ ਸਮੇਂ ਸੰਗਤਾਂ ਦੀ ਵੱਡੀ ਸੰਖਿਆ ਨੇ ਹਾਜ਼ਰੀ ਭਰੀ, ਜੋ ਇੱਕ ਅਲੌਕਿਕ ਪਵਿੱਤਰ ਦ੍ਰਿਸ਼ ਦਾ ਰੂਪ ਬਣੀ।
ਜੰਮੂ ਤੋਂ ਪਠਾਨਕੋਟ ਨੂੰ ਜਾਂਦੇ ਹੋਏ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ। ਸਮਾਗਮ ਵਿੱਚ SGPC ਦੇ ਮੈਂਬਰਾਂ, ਜੰਮੂ–ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ, ਵੱਖ–ਵੱਖ ਜ਼ਿਲ੍ਹਾ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ, ਪ੍ਰਸ਼ਾਸਕੀ ਅਤੇ ਪੁਲਿਸ ਅਧਿਕਾਰੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ।
Get all latest content delivered to your email a few times a month.