ਤਾਜਾ ਖਬਰਾਂ
ਬੈਂਗਲੁਰੂ, 7 ਨਵੰਬਰ, 2025 - ਦੂਜੇ ਫੈਡਰੇਸ਼ਨ ਗੱਤਕਾ ਕੱਪ - 2025 ਦਾ ਉਦਘਾਟਨ ਅੱਜ ਇੱਥੇ ਬੰਗਲੌਰ ਸਿਟੀ ਯੂਨੀਵਰਸਿਟੀ, ਬੈਂਗਲੁਰੂ ਵਿਖੇ ਮਾਡਰਨ ਪਾਈਥੀਅਨ ਕਲਚਰਲ ਗੇਮਜ਼ ਦੇ ਸੰਸਥਾਪਕ ਅਤੇ ਪਾਈਥੀਅਨ ਕੌਂਸਲ ਆਫ਼ ਇੰਡੀਆ (ਪੀਸੀਆਈ) ਦੇ ਚੇਅਰਮੈਨ ਬਿਜੇਂਦਰ ਗੋਇਲ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਪਾਈਥੀਅਨ ਗੇਮਜ਼ ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਬੀ.ਐਚ. ਅਨਿਲ ਕੁਮਾਰ, ਸਨੇਹਾ ਵੈਂਕਟਰਮਨੀ ਸਮੇਤ ਐਸੋਸੀਏਸ਼ਨ ਦੇ ਅਹੁਦੇਦਾਰਾਂ, ਗੱਤਕਾ ਆਫੀਸ਼ੀਅਲਾਂ ਅਤੇ ਦੇਸ਼ ਭਰ ਤੋਂ ਆਏ ਖਿਡਾਰੀਆਂ ਨੇ ਸ਼ਿਰਕਤ ਕੀਤੀ।
ਇਸ ਤੋਂ ਪਹਿਲਾਂ ਦੂਜੀਆਂ ਰਾਸ਼ਟਰੀ ਪਾਈਥੀਅਨ ਸੱਭਿਆਚਾਰਕ ਖੇਡਾਂ ਦਾ ਉਦਘਾਟਨ ਵੀ ਬਿਜੇਂਦਰ ਗੋਇਲ ਵੱਲੋਂ ਪਾਈਥੀਅਨ ਕੌਂਸਲ ਦੇ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਸਮਾਰੋਹ ਵਿੱਚ ਜੀਵੰਤ ਰਵਾਇਤੀ ਕਲਾ ਪ੍ਰਦਰਸ਼ਨ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਐਥਲੀਟਾਂ ਦੁਆਰਾ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਪੇਸ਼ ਕੀਤਾ ਗਿਆ ਜੋ ਭਾਰਤ ਦੇ ਵਿਭਿੰਨ ਸੱਭਿਆਚਾਰਕ ਰੂਪਾਂ ਅਤੇ ਇਸਦੀਆਂ ਅਮੀਰ ਜੰਗੀ ਪਰੰਪਰਾਵਾਂ ਵਿਚਕਾਰ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਸੀ।
ਆਪਣੇ ਸੰਬੋਧਨ ਵਿੱਚ ਬਿਜੇਂਦਰ ਗੋਇਲ ਨੇ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਤੀਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਵਿੱਚ ਭਾਰਤ ਦੀਆਂ ਰਵਾਇਤੀ ਕਲਾਵਾਂ ਤੇ ਖੇਡਾਂ ਦੌਰਾਨ ਖੇਡ ਭਾਵਨਾ ਦਾ ਇੱਕ ਹੋਰ ਵੀ ਵੱਡਾ ਜਸ਼ਨ ਦੇਖਣ ਨੂੰ ਮਿਲੇਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਹਿਲੀਆਂ ਅੰਤਰਰਾਸ਼ਟਰੀ ਪਾਈਥੀਅਨ ਸੱਭਿਆਚਾਰਕ ਖੇਡਾਂ ਅਗਲੇ ਸਾਲ 2026 ਵਿੱਚ ਰੂਸ ਵਿੱਚ ਆਯੋਜਿਤ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਇਸ ਮੌਕੇ ਬੋਲਦੇ ਹੋਏ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਜੋ ਪੀਸੀਆਈ ਦੇ ਉਪ-ਪ੍ਰਧਾਨ ਵੀ ਹਨ, ਨੇ ਕਿਹਾ ਕਿ ਇਹ ਫੈਡਰੇਸ਼ਨ ਗੱਤਕਾ ਕੱਪ ਦੇਸ਼ ਦੇ ਗੱਤਕੇਬਾਜ਼ਾਂ ਦੇ ਜੋਸ਼, ਜਜ਼ਬੇ ਅਤੇ ਪੁਰਾਤਨ ਜੰਗਜੂ ਕਲਾ ਦੀ ਸਦੀਵੀ ਵਿਰਾਸਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਾਈਥੀਅਨ ਖੇਡਾਂ ਵਿੱਚ ਗੱਤਕੇ ਨੂੰ ਹੋਰ ਸੱਭਿਆਚਾਰਕ ਖੇਡਾਂ ਅਤੇ ਕਲਾਤਮਕ ਮੁਕਾਬਲਿਆਂ ਦੇ ਨਾਲ ਮਾਨਤਾ ਪ੍ਰਾਪਤ ਕਰਦੇ ਦੇਖਣਾ ਇੱਕ ਮਾਣ ਵਾਲੀ ਗੱਲ ਹੈ।
ਇਸ ਸਾਲਾਨਾ ਚੈਂਪੀਅਨਸ਼ਿਪ ਦੇ ਉਦਘਾਟਨੀ ਦਿਨ ਨੌਜਵਾਨ ਗੱਤਕਾ ਯੋਧਿਆਂ ਨੇ ਕੌਮੀ ਟੂਰਨਾਮੈਂਟ ਦੌਰਾਨ ਜੋਸ਼ੀਲੀ ਕਲਾ ਦਾ ਮੁਜ਼ਾਹਰਾ ਕਰਦਿਆਂ ਹੈਰਾਨੀਜਨਕ ਪ੍ਰਦਰਸ਼ਨ ਪੇਸ਼ ਕੀਤੇ। ਸੋਟੀ ਦੇ ਹੁਨਰ ਅਤੇ ਬਿਹਤਰ ਤਾਲਮੇਲ ਸਦਕਾ ਕੁੜੀਆਂ ਦੇ ਗੱਤਕਾ-ਸੋਟੀ ਟੀਮ ਈਵੈਂਟ ਮੁਕਾਬਲਿਆਂ ਵਿੱਚ ਹਰਿਆਣਾ ਪ੍ਰਮੁੱਖ ਤਾਕਤ ਵਜੋਂ ਉਭਰਿਆ ਜਿਸਨੇ ਚਾਰ ਸੋਨ ਤਮਗੇ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਪੰਜਾਬ ਨੇ ਦੂਜਾ ਸਥਾਨ, ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਰਿਆਣਾ ਦੀਆਂ ਕੁੜੀਆਂ ਨੇ ਫੱਰੀ-ਸੋਟੀ ਟੀਮ ਈਵੈਂਟ ਵਿੱਚ ਵੀ ਆਪਣੀ ਜੇਤੂ ਲੜੀ ਜਾਰੀ ਰੱਖੀ। ਚੰਡੀਗੜ੍ਹ ਨੇ ਦੂਜਾ ਸਥਾਨ ਅਤੇ ਪੰਜਾਬ ਅਤੇ ਛੱਤੀਸਗੜ੍ਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ।
ਉਦਘਾਟਨ ਸਮਾਰੋਹ ਵਿੱਚ ਮੌਜੂਦ ਹੋਰਨਾਂ ਸ਼ਖ਼ਸੀਅਤਾਂ ਵਿੱਚ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਉਪ-ਪ੍ਰਧਾਨ ਸੁਖਚੈਨ ਸਿੰਘ ਕਲਸਾਣੀ, ਗੱਤਕਾ ਐਸੋਸੀਏਸ਼ਨ ਕਰਨਾਟਕ ਦੀ ਪ੍ਰਧਾਨ ਆਰਥੀ ਦੀਵਾਨ, ਗੱਤਕਾ ਐਸੋਸੀਏਸ਼ਨ ਆਂਧਰਾ ਪ੍ਰਦੇਸ਼ ਦੇ ਜਨਰਲ ਸਕੱਤਰ ਐਮ ਸੁਰੇਂਦਰ ਰੈਡੀ, ਜਗਦੀਸ਼ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਗੱਤਕਾ ਰੈਫਰੀ ਜਸਪ੍ਰੀਤ ਸਿੰਘ ਰੋਪੜ, ਜਸ਼ਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਨਾਮ ਸਿੰਘ, ਹਰਸਿਮਰਨ ਸਿੰਘ, ਸ਼ੈਰੀ ਸਿੰਘ, ਨਰਿੰਦਰਪਾਲ ਸਿੰਘ ਅਤੇ ਅਮਨ ਸਿੰਘ ਛੱਤੀਸਗੜ੍ਹ ਸਮੇਤ ਵੱਖ-ਵੱਖ ਰਾਜਾਂ ਦੇ ਗੱਤਕਾ ਕੋਚ ਅਤੇ ਪਤਵੰਤੇ ਸ਼ਾਮਲ ਸਨ।
Get all latest content delivered to your email a few times a month.