ਤਾਜਾ ਖਬਰਾਂ
ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ‘ਤੇ ਸੁਰੱਖਿਆ ਡਿਊਟੀ ਤੇ ਤਾਇਨਾਤ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਬਲਜੀਤ ਸਿੰਘ (36) ਦੀ ਮੌਤ ਸਬੰਧੀ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਪਹਿਲਾਂ ਇਹ ਮੌਤ ਦਿਲ ਦੇ ਦੌਰੇ ਨਾਲ ਜੋੜ ਕੇ ਦੱਸੀ ਜਾ ਰਹੀ ਸੀ, ਪਰ ਹੁਣ ਇਹ ਖੁਦਕੁਸ਼ੀ ਵਜੋਂ ਮੰਨੀ ਜਾ ਰਹੀ ਹੈ।
ਮ੍ਰਿਤਕ ਨੇ ਛੱਡੇ ਹੱਥ-ਲਿਖਤ ਸੁਸਾਈਡ ਨੋਟ ਵਿੱਚ ਆਪਣੇ ਪਰਿਵਾਰਕ ਜੀਵਨ ਦੀਆਂ ਗਹਿਰੀਆਂ ਸਮੱਸਿਆਵਾਂ ਦਾ ਖੁਲਾਸਾ ਕੀਤਾ ਹੈ। ਇਸ ਨੋਟ ਦੇ ਆਧਾਰ ‘ਤੇ ਪੁਲਿਸ ਨੇ ਉਸ ਦੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਖਿਲਾਫ਼ ਆਤਮ ਹੱਤਿਆ ਲਈ ਉਕਸਾਉਣ (abetment to suicide) ਦਾ ਮਾਮਲਾ ਦਰਜ ਕਰ ਦਿੱਤਾ ਹੈ।
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਨੌ ਬੰਬ ਦੇ ਵਸਨੀਕ ਬਲਜੀਤ ਸਿੰਘ ਨੇ ਆਪਣੇ ਸੁਸਾਈਡ ਨੋਟ ਵਿੱਚ ਸਪੱਸ਼ਟ ਤੌਰ ‘ਤੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਸ ਦੀ ਪਤਨੀ ਦਲਜੀਤ ਕੌਰ ਆਪਣੇ ਪੁੱਤਰ ਅਰਪਨਜੋਤ ਸਿੰਘ ਸੰਧੂ ਨੂੰ ਲੈ ਕੇ ਉੱਤਰਾਖੰਡ ਦੇ ਜ਼ਿਲ੍ਹਾ ਹਰਿਦੁਆਰ ਵਿੱਚ ਪਿੰਡ ਆਲਾਵਾਲਾ ਵਿੱਚ ਰਹਿ ਰਹੀ ਹੈ।
ਬਲਜੀਤ ਨੇ ਨੋਟ ਵਿੱਚ ਲਿਖਿਆ ਕਿ ਉਹ ਕਈ ਵਾਰ ਆਪਣੇ ਪੁੱਤਰ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਾਂਦਾ, ਪਰ ਉਸਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਤੋਂ ਉਸ ਉਤੇ ਲਗਾਤਾਰ ਮਾਨਸਿਕ ਦਬਾਅ ਵਧਦਾ ਗਿਆ, ਜਿਸ ਨੇ ਉਸਨੂੰ ਡਿਊਟੀ ਦੌਰਾਨ ਇਹ ਖੌਫਨਾਕ ਕਦਮ ਚੁੱਕਣ ਲਈ ਮਜਬੂਰ ਕੀਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੋਟ ਮਿਲਣ ਤੋਂ ਬਾਅਦ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਮਾਤਾ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸੁਧਾਰ ਨੇ ਦਲਜੀਤ ਕੌਰ ਅਤੇ ਲਖਵਿੰਦਰ ਕੌਰ ਖਿਲਾਫ਼ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਸੁਧਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਨੂੰ ਉੱਤਰਾਖੰਡ ਭੇਜਿਆ ਜਾ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.