ਤਾਜਾ ਖਬਰਾਂ
ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੀਵਾਲ ਦਾ ਮਾਣ ਵਧਾਉਂਦੇ ਹੋਏ ਨਾਇਕ ਜਗਸੀਰ ਸਿੰਘ (ਉਮਰ 35 ਸਾਲ) ਸ਼੍ਰੀਨਗਰ ਦੇ ਬਡਗਾਮ ਇਲਾਕੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ। ਸ਼ਹੀਦ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸਕੂਲ ਮੈਦਾਨ ਵਿੱਚ ਪੂਰੇ ਸੈਨਿਕ ਤੇ ਰਾਜਕੀ ਸਨਮਾਨ ਨਾਲ ਕੀਤਾ ਗਿਆ। ਇਸ ਮੌਕੇ ਪੂਰਾ ਪਿੰਡ ਸ਼ਹੀਦ ਦੇ ਦਰਸ਼ਨ ਲਈ ਇਕੱਠਾ ਹੋਇਆ ਅਤੇ “ਸ਼ਹੀਦ ਅਮਰ ਰਹੇ” ਦੇ ਨਾਰੇ ਗੂੰਜਦੇ ਰਹੇ।
ਸ਼ਹੀਦ ਜਗਸੀਰ ਸਿੰਘ ਸਿੱਖ ਰੈਜੀਮੈਂਟ ਦੀ 27 ਮਦਰ ਯੂਨਿਟ ਵਿੱਚ ਤੈਨਾਤ ਸਨ ਅਤੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਸਨ। ਪਰਿਵਾਰਕ ਸਰੋਤਾਂ ਅਨੁਸਾਰ, ਉਨ੍ਹਾਂ ਦੀ ਮੌਤ ਡਿਊਟੀ ਦੌਰਾਨ ਹੋਏ ਸਾਇਲੈਂਟ ਅਟੈਕ ਕਾਰਨ ਹੋਈ। ਜਗਸੀਰ ਸਿੰਘ 2026 ਵਿੱਚ ਰਿਟਾਇਰ ਹੋਣ ਵਾਲੇ ਸਨ ਅਤੇ ਉਹ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਨਾਲ ਖੇਤੀਬਾੜੀ ਕਰਨ ਦੀ ਇੱਛਾ ਰੱਖਦੇ ਸਨ। ਪਰ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਨਾਲ ਪਿੰਡ 'ਚ ਮਾਹੌਲ ਸੋਗਮਈ ਹੋ ਗਿਆ।
ਜਦੋਂ ਸ਼ਹੀਦ ਦਾ ਪਾਰਥਿਵ ਸ਼ਰੀਰ ਤਿਰੰਗੇ ਵਿੱਚ ਲਿਪਟਿਆ ਪਿੰਡ ਪਹੁੰਚਿਆ ਤਾਂ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਉਸਦਾ ਸਵਾਗਤ ਕੀਤਾ। ਸ਼ਹੀਦ ਦੀ ਪਤਨੀ, ਮਾਪੇ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਸ਼ਹੀਦ ਦੇ ਸਿਰਫ਼ 10 ਸਾਲ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਅੰਤਿਮ ਅਗਨੀ ਦਿੱਤੀ, ਜਿਸ ਨਾਲ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਭਰ ਆਈਆਂ।
ਪਿੰਡ ਦੀ ਪੰਚਾਇਤ ਅਤੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸ਼ਹੀਦ ਦੇ ਪੁੱਤਰ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਸੰਭਾਲੇ। ਪਿੰਡ ਵਾਸੀਆਂ ਨੇ ਇਹ ਵੀ ਬੇਨਤੀ ਕੀਤੀ ਕਿ ਪਿੰਡ ਵਿੱਚ ਸ਼ਹੀਦ ਦੇ ਨਾਮ ‘ਤੇ ਕੋਈ ਯਾਦਗਾਰ, ਸਟੇਚੂ ਜਾਂ ਸਕੂਲ-ਸਟੇਡਿਅਮ ਬਣਾਇਆ ਜਾਵੇ।
ਇਸ ਮੌਕੇ ਤੇ ਮੇਹਲ ਕਲਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਮਿਲ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਪੂਰਾ ਸਨਮਾਨ ਅਤੇ ਸਹਾਇਤਾ ਦਿੱਤੀ ਜਾਵੇਗੀ।
ਸੈਨਾ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਪੂਰੇ ਰਾਜਕੀ ਸਨਮਾਨ ਨਾਲ ਗਾਰਡ ਆਫ਼ ਆਨਰ ਦਿੱਤਾ ਗਿਆ। ਸੁਬੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੌਤ ਦੇ ਕਾਰਨ ਬਾਰੇ ਵਿਸਥਾਰਿਕ ਰਿਪੋਰਟ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੂਰੀ ਫੌਜ ਲਈ ਦੁਖਦਾਈ ਘਟਨਾ ਹੈ।
ਪਿੰਡ ਦੇ ਸਰਪੰਚ ਹਰਤੇਜ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਦੀ ਯਾਦਗਾਰ ਪਿੰਡ ਵਿੱਚ ਬਣਾਈ ਜਾਵੇ, ਤਾਂ ਜੋ ਭਵਿੱਖ ਦੀ ਪੀੜ੍ਹੀ ਉਸਦੇ ਬਲੀਦਾਨ ਨੂੰ ਯਾਦ ਰੱਖੇ ਤੇ ਉਸ ਤੋਂ ਪ੍ਰੇਰਣਾ ਲਏ।
Get all latest content delivered to your email a few times a month.