ਤਾਜਾ ਖਬਰਾਂ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੋਂ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਕਥਿਤ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਕਰੀਬ 5 ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਇਹ ਮਾਮਲਾ ਇੱਕ ਕਾਰੋਬਾਰੀ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ਵਿੱਚ ਸ਼ਿਲਪਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਉੱਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਹਨ।
ਜਾਣਕਾਰੀ ਅਨੁਸਾਰ, ਅਦਾਕਾਰਾ ਤੋਂ ਲਗਭਗ ਪੰਜ ਘੰਟੇ ਤੱਕ ਸਵਾਲ-ਜਵਾਬ ਕੀਤੇ ਗਏ। ਹਾਲਾਂਕਿ, ਇਸ ਮਾਮਲੇ ਵਿੱਚ ਉਨ੍ਹਾਂ ਜਾਂ ਉਨ੍ਹਾਂ ਦੇ ਪਤੀ ਦੇ ਸਿੱਧੇ ਸਬੰਧ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਇਸ ਮਾਮਲੇ ਵਿੱਚ ਹੁਣ ਤੱਕ ਰਾਜ ਕੁੰਦਰਾ ਸਮੇਤ ਪੰਜ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
ਕੀ ਹੈ ਪੂਰਾ ਮਾਮਲਾ?
ਇਸ ਸਾਲ ਅਗਸਤ ਮਹੀਨੇ ਵਿੱਚ ਲੋਟਸ ਕੈਪੀਟਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਨਿਰਦੇਸ਼ਕ ਅਤੇ ਕਾਰੋਬਾਰੀ ਦੀਪਕ ਕੋਠਾਰੀ ਵੱਲੋਂ ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ 60 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਗਿਆ ਸੀ।
ਕੋਠਾਰੀ ਦਾ ਦਾਅਵਾ ਹੈ ਕਿ ਧੋਖਾਧੜੀ ਦੀਆਂ ਇਹ ਘਟਨਾਵਾਂ 2015 ਤੋਂ 2023 ਦਰਮਿਆਨ ਵਾਪਰੀਆਂ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਜੋੜੇ ਨੇ ਆਪਣੇ ਕਾਰੋਬਾਰ ਦੇ ਵਿਸਤਾਰ ਦੇ ਬਹਾਨੇ ਉਨ੍ਹਾਂ ਤੋਂ ਪੈਸੇ ਲਏ ਸਨ, ਪਰ ਇਸ ਦੀ ਵਰਤੋਂ ਕਥਿਤ ਤੌਰ 'ਤੇ ਨਿੱਜੀ ਖਰਚਿਆਂ ਲਈ ਕੀਤੀ ਗਈ।
ਕਰਜ਼ੇ ਦੀ ਬਜਾਏ ਨਿਵੇਸ਼ ਦੇ ਰੂਪ 'ਚ ਲਈ ਸੀ ਰਕਮ
ਕਾਰੋਬਾਰੀ ਕੋਠਾਰੀ ਅਨੁਸਾਰ, ਸ਼ਿਲਪਾ ਸ਼ੈੱਟੀ ਨੇ 2015 ਵਿੱਚ ਕਾਰੋਬਾਰ ਵਧਾਉਣ ਲਈ 75 ਕਰੋੜ ਰੁਪਏ ਦਾ ਕਰਜ਼ਾ (12 ਫੀਸਦੀ ਵਿਆਜ ਦਰ 'ਤੇ) ਮੰਗਿਆ ਸੀ। ਬਾਅਦ ਵਿੱਚ, ਉਨ੍ਹਾਂ ਨੇ ਕਥਿਤ ਤੌਰ 'ਤੇ ਇਸ ਨੂੰ ਕਰਜ਼ੇ ਦੀ ਬਜਾਏ ਨਿਵੇਸ਼ ਵਜੋਂ ਦੇਣ ਲਈ ਕਿਹਾ ਅਤੇ ਮਹੀਨਾਵਾਰ ਰਿਟਰਨ ਤੇ ਮੂਲ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ।
ਕੋਠਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਪ੍ਰੈਲ 2015 ਵਿੱਚ 31.95 ਕਰੋੜ ਰੁਪਏ ਅਤੇ ਸਤੰਬਰ 2015 ਵਿੱਚ ਇੱਕ ਪੂਰਕ ਸਮਝੌਤੇ ਤਹਿਤ 28.53 ਕਰੋੜ ਰੁਪਏ ਟਰਾਂਸਫਰ ਕੀਤੇ ਸਨ। ਰਕਮ ਵਾਪਸ ਲੈਣ ਦੀਆਂ ਬਾਰ-ਬਾਰ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਕੇਸ ਦਰਜ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਸ਼ਿਲਪਾ ਅਤੇ ਰਾਜ ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਜਾਂਚ ਏਜੰਸੀਆਂ ਸਾਹਮਣੇ ਆਪਣੀ ਸੱਚਾਈ ਪੇਸ਼ ਕਰਨਗੇ।
Get all latest content delivered to your email a few times a month.