ਤਾਜਾ ਖਬਰਾਂ
ਏਸ਼ੀਆਈ ਦੇਸ਼ਾਂ ਵਿੱਚ ਕ੍ਰਿਕਟ ਏਸ਼ੀਆ ਕੱਪ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਜਿਸ ਦਾ ਫਾਈਨਲ 28 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣਾ ਹੈ। ਇਸ ਦੌਰਾਨ, ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 27 ਸਤੰਬਰ ਨੂੰ ਸ਼ੁਰੂ ਹੋ ਰਹੀ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2025 ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।
ਰਿਪੋਰਟਾਂ ਮੁਤਾਬਕ, ਪਾਕਿਸਤਾਨ ਨੇ ਇਸ ਮੁਕਾਬਲੇ ਦਾ ਬਾਈਕਾਟ ਕਰ ਦਿੱਤਾ ਹੈ। ਦੋਵਾਂ ਮੁਲਕਾਂ ਦਰਮਿਆਨ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਵਧੇ ਤਣਾਅ ਦੇ ਕਾਰਨ, ਪਾਕਿਸਤਾਨ ਦੇ ਖਿਡਾਰੀ ਇਸ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਬਣਨਗੇ।
NCPC ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਪਾਕਿਸਤਾਨ ਦੀ ਰਾਸ਼ਟਰੀ ਪੈਰਾਲੰਪਿਕ ਕਮੇਟੀ (NCPC) ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਸਲਾਹ ਦੇ ਆਧਾਰ 'ਤੇ ਇਸ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ।
NCPC ਦੇ ਸਕੱਤਰ ਜਨਰਲ ਇਮਰਾਨ ਜਮੀਲ ਸ਼ਮੀ ਅਨੁਸਾਰ, ਸ਼ੁਰੂ ਵਿੱਚ ਹੈਦਰ ਅਲੀ (ਜਿਸ ਨੇ ਟੋਕੀਓ ਓਲੰਪਿਕ ਵਿੱਚ ਸ਼ਾਟ ਪੁਟ ਦਾ ਸੋਨ ਤਮਗਾ ਅਤੇ ਪੈਰਿਸ ਓਲੰਪਿਕ ਵਿੱਚ ਡਿਸਕਸ ਥ੍ਰੋ ਦਾ ਕਾਂਸੀ ਦਾ ਤਮਗਾ ਜਿੱਤਿਆ ਸੀ) ਨੂੰ F37 ਈਵੈਂਟ ਲਈ ਭੇਜਣ ਦੀ ਯੋਜਨਾ ਸੀ। ਪਰ, ਵਧਦੀ ਸੁਰੱਖਿਆ ਚਿੰਤਾਵਾਂ ਅਤੇ ਲੋਕਾਂ ਦੇ ਗੁੱਸੇ ਦੇ ਮੱਦੇਨਜ਼ਰ, ਕਮੇਟੀ ਨੇ ਬਾਅਦ ਵਿੱਚ ਉਸਦਾ ਨਾਮ ਵਾਪਸ ਲੈ ਲਿਆ।
ਸ਼ਮੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਇਹ ਮੁਕਾਬਲਾ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ, "ਅਸੀਂ ਆਪਣੇ ਐਥਲੀਟਾਂ ਨੂੰ ਭੇਜਣ ਤੋਂ ਗੁਰੇਜ਼ ਕੀਤਾ, ਕਿਉਂਕਿ ਸਾਨੂੰ ਖਿਡਾਰੀਆਂ, ਕੋਚਿੰਗ ਸਟਾਫ ਅਤੇ ਮੈਨੇਜਰਾਂ ਦੀ ਸੁਰੱਖਿਆ ਬਾਰੇ ਡਰ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨਾਲ ਰਾਜਨੀਤਿਕ ਹਾਲਾਤਾਂ ਦੇ ਕਾਰਨ, ਸਰਕਾਰ ਨੇ ਸਲਾਹ ਦਿੱਤੀ ਕਿ ਪਾਕਿਸਤਾਨੀ ਐਥਲੀਟਾਂ ਨੂੰ ਚੈਂਪੀਅਨਸ਼ਿਪ ਲਈ ਭਾਰਤ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਏਸ਼ੀਆ ਕੱਪ ਵਿੱਚ ਚੱਲ ਰਹੇ ਮਾਹੌਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੈਦਰ ਅਤੇ ਉਸਦੇ ਕੋਚ ਵੀ ਭਾਰਤ ਆਉਣ ਤੋਂ ਝਿਜਕ ਰਹੇ ਸਨ।
ਜ਼ਿਕਰਯੋਗ ਹੈ ਕਿ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 26 ਸਤੰਬਰ ਤੋਂ ਸ਼ੁਰੂ ਹੋ ਕੇ 5 ਅਕਤੂਬਰ ਤੱਕ ਚੱਲੇਗੀ।
Get all latest content delivered to your email a few times a month.