ਤਾਜਾ ਖਬਰਾਂ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਨੰਦਾਨਗਰ ਘਾਟ ਖੇਤਰ ਭਾਰੀ ਬਾਰਿਸ਼ ਅਤੇ ਬੱਦਲ ਫਟਣ ਨਾਲ ਕਾਫ਼ੀ ਤਬਾਹੀ ਦਾ ਸ਼ਿਕਾਰ ਹੋਇਆ ਹੈ। ਕੁੰਤਰੀ ਪਿੰਡ ਤੋਂ ਤਾਜ਼ਾ ਜਾਣਕਾਰੀ ਮੁਤਾਬਕ, ਐਨਡੀਆਰਐਫ ਦੀ ਟੀਮ ਨੇ ਇੱਕ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਹੈ। ਇਸ ਘਟਨਾ ਵਿੱਚ ਹੁਣ ਤੱਕ ਦੋ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਸੱਤ ਲੋਕ ਅਜੇ ਵੀ ਲਾਪਤਾ ਹਨ।
ਮੌਸਮੀ ਕਹਿਰ ਕਾਰਨ ਘਰਾਂ, ਪੀਣ ਵਾਲੇ ਪਾਣੀ ਦੀਆਂ ਲਾਈਨਾਂ ਅਤੇ ਪਸ਼ੂਧਨ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਅੰਕੜਿਆਂ ਅਨੁਸਾਰ, 32 ਪਸ਼ੂਆਂ ਦੀ ਮੌਤ ਹੋਈ ਹੈ ਅਤੇ ਕੁੰਤਰੀ ਤੇ ਧੁਰਮਾ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਲੋਕਾਂ ਨੂੰ ਪੀਣ ਦੇ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੁੱਧਵਾਰ ਰਾਤ ਤੋਂ ਜਾਰੀ ਭਾਰੀ ਮੀਂਹ ਨੇ ਹਾਲਾਤ ਹੋਰ ਖ਼ਰਾਬ ਕਰ ਦਿੱਤੇ ਹਨ। ਬਿਨਸਰ ਮਹਾਦੇਵ ਖੇਤਰ ਵਿੱਚ ਇੱਕੇ ਰਾਤ ਵਿੱਚ ਪੰਜ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਹੋਈਆਂ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹੁਣ ਤੱਕ ਚਾਰ ਜ਼ਖਮੀਆਂ ਨੂੰ ਹਵਾਈ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।
ਪ੍ਰਸ਼ਾਸਨਿਕ ਅੰਕੜਿਆਂ ਅਨੁਸਾਰ, ਕੁੰਤਰੀ ਪਿੰਡ ਦੇ 27 ਪਰਿਵਾਰ, ਧੁਰਮਾ ਦੇ 120 ਪਰਿਵਾਰ ਅਤੇ ਸੇਰਾ ਪਿੰਡ ਦੇ 27 ਪਰਿਵਾਰ ਇਸ ਆਫ਼ਤ ਨਾਲ ਸਿੱਧੇ ਪ੍ਰਭਾਵਿਤ ਹੋਏ ਹਨ। ਕੁੱਲ ਮਿਲਾ ਕੇ 200 ਤੋਂ ਵੱਧ ਲੋਕ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਇਸ ਵੇਲੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਲਗਾਤਾਰ ਬਚਾਅ ਕਾਰਵਾਈਆਂ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਸਕੇ।
Get all latest content delivered to your email a few times a month.