ਤਾਜਾ ਖਬਰਾਂ
ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਨਾਲ ਸੰਬੰਧਿਤ 30 ਸਾਲਾ ਮੁਹੰਮਦ ਨਿਜ਼ਾਮੁਦੀਨ, ਜੋ ਉੱਚ ਸਿੱਖਿਆ ਲਈ ਅਮਰੀਕਾ ਗਿਆ ਸੀ ਅਤੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ, ਦੀ ਕੈਲੀਫੋਰਨੀਆ ਵਿੱਚ ਮੌਤ ਹੋ ਗਈ ਹੈ। 3 ਸਤੰਬਰ ਨੂੰ ਸਾਂਤਾ ਕਲਾਰਾ ਪੁਲਿਸ ਵੱਲੋਂ ਉਸਨੂੰ ਗੋਲੀ ਮਾਰੀ ਗਈ, ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸਦੇ ਰੂਮਮੇਟ ਨਾਲ ਹੋਏ ਵਿਵਾਦ ਤੋਂ ਬਾਅਦ ਵਾਪਰੀ।
ਭਾਰਤ ਵਿੱਚ ਮੌਜੂਦ ਨਿਜ਼ਾਮੁਦੀਨ ਦੇ ਪਰਿਵਾਰ ਨੇ ਵਿਦੇਸ਼ ਮੰਤਰਾਲੇ ਕੋਲ ਅਰਜ਼ੀ ਦਿੱਤੀ ਹੈ ਕਿ ਉਸਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਵਿੱਚ ਸਹਾਇਤਾ ਕੀਤੀ ਜਾਵੇ। ਇਸ ਸਮੇਂ ਉਸਦਾ ਸ਼ਵ ਸਾਂਤਾ ਕਲਾਰਾ ਦੇ ਹਸਪਤਾਲ ਵਿੱਚ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੱਕ ਰੱਖਿਆ ਗਿਆ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਿਜ਼ਾਮੁਦੀਨ ਸੁਭਾਅ ਤੋਂ ਸ਼ਾਂਤ ਅਤੇ ਧਾਰਮਿਕ ਸੀ। ਦੋਸਤਾਂ ਨੇ ਵੀ ਉਸਨੂੰ ਮਿਲਣ-ਜੁਲਣ ਵਾਲਾ ਨੌਜਵਾਨ ਦੱਸਿਆ। ਖ਼ਾਸ ਗੱਲ ਇਹ ਹੈ ਕਿ ਗੋਲੀਬਾਰੀ ਤੋਂ ਸਿਰਫ਼ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੀ ਲਿੰਕਡਇਨ ਪੋਸਟ ਰਾਹੀਂ ਨਸਲੀ ਪਰੇਸ਼ਾਨੀ, ਤਨਖਾਹ ਵਿੱਚ ਧੋਖਾਧੜੀ ਅਤੇ ਗਲਤ ਢੰਗ ਨਾਲ ਨੌਕਰੀ ਤੋਂ ਕੱਢੇ ਜਾਣ ਦੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ ਸਨ।
ਉਸ ਪੋਸਟ ਵਿੱਚ ਨਿਜ਼ਾਮੁਦੀਨ ਨੇ ਲਿਖਿਆ ਸੀ ਕਿ ਹੁਣ ਬਹੁਤ ਹੋ ਗਿਆ ਹੈ ਅਤੇ "ਗੋਰੀ ਸਰਬਉੱਚਤਾ ਅਤੇ ਨਸਲਵਾਦੀ ਸੋਚ ਨੂੰ ਖ਼ਤਮ ਹੋਣਾ ਚਾਹੀਦਾ ਹੈ।" ਉਸਨੇ ਆਪਣੇ ਖ਼ਿਲਾਫ਼ ਜ਼ਹਿਰ ਮਿਲੇ ਭੋਜਨ, ਬੇਦਖਲੀ ਅਤੇ ਨਿਗਰਾਨੀ ਕਰਨ ਵਾਲੇ ਸ਼ਖ਼ਸ ਤੋਂ ਮਿਲ ਰਹੀਆਂ ਧਮਕੀਆਂ ਦੇ ਦੋਸ਼ ਵੀ ਲਗਾਏ ਸਨ। ਇਹ ਪੋਸਟ ਉਸਦੀ ਮੌਤ ਤੋਂ ਬਾਅਦ ਕਈ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵਾਇਰਲ ਹੋ ਗਈ।
ਪੁਲਿਸ ਦੇ ਬਿਆਨ ਅਨੁਸਾਰ, ਉਨ੍ਹਾਂ ਨੂੰ ਇੱਕ ਘਰ ਵਿੱਚ ਚਾਕੂ ਨਾਲ ਹਮਲੇ ਦੀ ਐਮਰਜੈਂਸੀ ਕਾਲ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਅਧਿਕਾਰੀਆਂ ਨੇ ਦੱਸਿਆ ਕਿ ਨਿਜ਼ਾਮੁਦੀਨ ਚਾਕੂ ਨਾਲ ਹਥਿਆਰਬੰਦ ਸੀ ਅਤੇ ਹੁਕਮ ਨਾ ਮੰਨਣ 'ਤੇ ਉਸ 'ਤੇ ਗੋਲੀਆਂ ਚਲਾਉਣੀਆਂ ਪਈਆਂ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਉਸਨੇ ਆਪਣੇ ਰੂਮਮੇਟ 'ਤੇ ਚਾਕੂ ਨਾਲ ਵਾਰ ਕੀਤੇ ਸਨ।
ਦੂਜੇ ਪਾਸੇ, ਪਰਿਵਾਰ ਨੇ ਇਹ ਦੋਸ਼ ਗਲਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਖ਼ੁਦ ਨਿਜ਼ਾਮੁਦੀਨ ਨੇ ਹੀ ਮਦਦ ਲਈ ਕਾਲ ਕੀਤੀ ਸੀ।
ਮਜਲਿਸ ਬਚਾਓ ਤਹਿਰੀਕ (MBT) ਦੇ ਨੇਤਾ ਅਮਜਦੁੱਲ੍ਹਾ ਖ਼ਾਨ ਨੇ ਵੀ ਪਰਿਵਾਰ ਨਾਲ ਮਿਲ ਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਵਾਸ਼ਿੰਗਟਨ, ਡੀ.ਸੀ. ਵਿੱਚ ਭਾਰਤੀ ਦੂਤਾਵਾਸ ਅਤੇ ਸੈਨ ਫਰਾਂਸਿਸਕੋ ਕੌਂਸਲੇਟ ਜਨਰਲ ਇਸ ਮਾਮਲੇ ਦੀ ਪੂਰੀ ਰਿਪੋਰਟ ਜਾਰੀ ਕਰਨ ਅਤੇ ਸ਼ਵ ਨੂੰ ਭਾਰਤ ਵਾਪਸ ਲਿਆਂਦਾ ਜਾਣ ਲਈ ਸਹਾਇਤਾ ਕਰਨ।
ਪਰਿਵਾਰ ਨੇ ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਦੋਵਾਂ ਨੂੰ ਨਿਜ਼ਾਮੁਦੀਨ ਦੀ ਮੌਤ ਦੇ ਹਾਲਾਤਾਂ ਦੀ ਪੂਰੀ ਜਾਂਚ ਕਰਨ ਅਤੇ ਉਸਦੇ ਵੱਲੋਂ ਲਗਾਏ ਨਸਲੀ ਵਿਤਕਰੇ ਅਤੇ ਪਰੇਸ਼ਾਨੀ ਦੇ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
Get all latest content delivered to your email a few times a month.