ਤਾਜਾ ਖਬਰਾਂ
ਮੁੰਬਈ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਕਾਰਨ ਦਹਿਸ਼ਤ ਵਿੱਚ ਹੈ। ਇਸ ਵਾਰ ਆਤਮਘਾਤੀ ਹਮਲੇ ਦੀ ਚੇਤਾਵਨੀ ਮਿਲੀ ਹੈ, ਜੋ ਸਿੱਧੇ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਭੇਜੀ ਗਈ। ਅਨੰਤ ਚਤੁਰਦਸ਼ੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਆਈ ਇਸ ਧਮਕੀ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਮਿਲੇ ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 34 ਵਾਹਨਾਂ ਵਿੱਚ ਮਨੁੱਖੀ ਬੰਬ ਤਿਆਰ ਹਨ ਅਤੇ ਧਮਾਕੇ ਤੋਂ ਬਾਅਦ ਪੂਰਾ ਸ਼ਹਿਰ ਹਿੱਲ ਜਾਵੇਗਾ। ਇਸਦੇ ਨਾਲ ਹੀ 'ਲਸ਼ਕਰ-ਏ-ਜੇਹਾਦੀ' ਨਾਂ ਦੇ ਸੰਗਠਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ 14 ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਦਾਖਲ ਹੋ ਚੁੱਕੇ ਹਨ। ਸੁਨੇਹੇ ਵਿੱਚ ਇਥੋਂ ਤੱਕ ਲਿਖਿਆ ਹੈ ਕਿ 400 ਕਿਲੋ ਆਰਡੀਐਕਸ ਨਾਲ ਇੱਕ ਕਰੋੜ ਲੋਕਾਂ ਦੀ ਜਾਨ ਲੈਣ ਦੀ ਯੋਜਨਾ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਸ਼ਹਿਰ ਭਰ ਵਿੱਚ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਮੁੰਬਈ ਨੂੰ ਵੱਡੇ ਧਮਾਕੇ ਦੀ ਧਮਕੀ ਮਿਲੀ ਹੋਵੇ। ਇਸ ਤੋਂ ਪਹਿਲਾਂ ਵੀ ਕੰਟਰੋਲ ਰੂਮ ਨੂੰ ਕਾਲਾਂ ਜਾਂ ਸੁਨੇਹੇ ਰਾਹੀਂ ਕਈ ਵਾਰ ਚੇਤਾਵਨੀਆਂ ਮਿਲ ਚੁੱਕੀਆਂ ਹਨ, ਹਾਲਾਂਕਿ ਜ਼ਿਆਦਾਤਰ ਜਾਂਚ ਵਿੱਚ ਝੂਠੀਆਂ ਸਾਬਤ ਹੋਈਆਂ। ਪਰ ਇਸ ਵਾਰ ਸੁਨੇਹੇ ਦੇ ਲਫ਼ਜ਼ਾਂ ਅਤੇ ਵੇਰਵਿਆਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਲਗਭਗ ਦੋ ਹਫ਼ਤੇ ਪਹਿਲਾਂ ਵਰਲੀ ਦੇ ਇੱਕ ਫਾਈਵ-ਸਟਾਰ ਹੋਟਲ ਵਿੱਚ ਧਮਾਕੇ ਦੀ ਸੁਚਨਾ ਮਿਲੀ ਸੀ। ਇਸ ਤੋਂ ਪਹਿਲਾਂ 14 ਅਗਸਤ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਪੁਲਿਸ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਟ੍ਰੇਨ ਵਿੱਚ ਬੰਬ ਰੱਖਿਆ ਗਿਆ ਹੈ। ਹਾਲਾਂਕਿ ਜਾਂਚ ਵਿੱਚ ਕੁਝ ਸ਼ੱਕੀ ਨਹੀਂ ਮਿਲਿਆ। 26 ਜੁਲਾਈ ਨੂੰ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ, ਪਰ ਪੁਲਿਸ ਨੇ ਮੌਕੇ 'ਤੇ ਕੁਝ ਨਹੀਂ ਲੱਭਿਆ।
ਮੁੰਬਈ ਪੁਲਿਸ ਨੇ ਮੌਜੂਦਾ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਹਨ ਅਤੇ ਜਾਂਚ ਟੀਮਾਂ ਨੂੰ ਤੁਰੰਤ ਕੰਮ 'ਤੇ ਲਗਾ ਦਿੱਤਾ ਹੈ।
Get all latest content delivered to your email a few times a month.