ਤਾਜਾ ਖਬਰਾਂ
ਐਸ.ਐਸ.ਪੀ. ਪਟਿਆਲਾ ਸ਼੍ਰੀ ਵਰੁਣ ਸ਼ਰਮਾ, ਆਈ.ਪੀ.ਐਸ. ਦੀ ਨਿਗਰਾਨੀ ਹੇਠ ਸਾਈਬਰ ਕਰਾਈਮ ਅਤੇ ਆਰਥਿਕ ਅਪਰਾਧ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਅਜਿਹਾ ਗਿਰੋਹ ਬੇਨਕਾਬ ਕੀਤਾ ਹੈ ਜੋ ਫਿਲੀਪੀਨਜ਼ ਬੈਠੇ ਪੰਜਾਬੀ ਮੂਲ ਦੇ ਸਾਈਬਰ ਠੱਗਾਂ ਨੂੰ ਬੈਂਕ ਖਾਤੇ ਅਤੇ ਸਿਮ ਕਾਰਡ ਮੁਹੱਈਆ ਕਰਵਾ ਰਿਹਾ ਸੀ। ਐਸ.ਪੀ. ਆਸਵੰਤ ਸਿੰਘ ਪੀ.ਪੀ.ਐਸ. ਅਤੇ ਐਸ.ਐਚ.ਓ. ਇੰਸਪੈਕਟਰ ਤਰਨਦੀਪ ਕੌਰ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਦੌਰਾਨ ਪਟਿਆਲਾ ਦੇ ਪੰਕਜ਼, ਅਰਸ਼ਦੀਪ, ਮੰਗਾ ਸਿੰਘ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਗਿਰੋਹ ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਵਾਉਂਦਾ ਅਤੇ ਸਾਰੇ ਵੇਰਵੇ (ATM ਕਾਰਡ, ਨੈਟ ਬੈਂਕਿੰਗ ਆਦਿ) ਆਪਣੇ ਕੋਲ ਰੱਖ ਲੈਂਦਾ ਸੀ। ਇੱਕ ਸੇਵਿੰਗ ਖਾਤਾ 10 ਹਜ਼ਾਰ ਰੁਪਏ ਵਿੱਚ ਤੇ ਕਰੰਟ ਖਾਤਾ 40 ਹਜ਼ਾਰ ਰੁਪਏ ਵਿੱਚ ਫਿਲੀਪੀਨਜ਼ ਬੈਠੇ ਠੱਗਾਂ - ਬਾਬੂ ਅਤੇ ਸੂਮੀ - ਨੂੰ ਵੇਚਿਆ ਜਾਂਦਾ ਸੀ। ਹੁਣ ਤੱਕ ਇਹ ਗਿਰੋਹ 30 ਤੋਂ ਵੱਧ ਖਾਤੇ ਵੇਚ ਚੁੱਕਾ ਹੈ, ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦੀ ਸਾਈਬਰ ਧੋਖਾਧੜੀ ਕੀਤੀ ਗਈ ਹੈ।
ਇਸ ਤੋਂ ਇਲਾਵਾ, ਗਿਰੋਹ ਨੇ ਚੌਰਾ ਰੋਡ 'ਤੇ ਕੁਝ ਸਮੇਂ ਲਈ ਇੱਕ ਗੈਰ-ਅਧਿਕਾਰਤ ਡੀ-ਐਡੀਕਸ਼ਨ ਸੈਂਟਰ ਵੀ ਚਲਾਇਆ, ਜਿੱਥੇ ਨਸ਼ਾ ਕਰਨ ਵਾਲੇ ਲੋਕਾਂ ਨੂੰ 500 ਰੁਪਏ ਪ੍ਰਤੀ ਸਿਮ ਦੇ ਕੇ ਉਨ੍ਹਾਂ ਦੇ ਨਾਮਾਂ 'ਤੇ ਨਵੀਆਂ ਸਿਮਾਂ ਖਰੀਦੀਆਂ ਜਾਂਦੀਆਂ ਸਨ। ਇਹ ਸਿਮਾਂ ਕਪੜਿਆਂ ਦੀਆਂ ਡਿਲਿਵਰੀਆਂ ਵਿੱਚ ਲੁਕਾ ਕੇ ਫਿਲੀਪੀਨਜ਼ ਭੇਜੀਆਂ ਜਾਂਦੀਆਂ ਸਨ। ਹੁਣ ਤੱਕ ਲਗਭਗ 50 ਸਿਮਾਂ ਵਿਦੇਸ਼ ਭੇਜਣ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਸਿਮਾਂ ਡੀਜੀਟਲ ਜ਼ੋਨ ਨਾਮਕ ਦੁਕਾਨ ਤੋਂ ਬਿਨਾਂ ਪੂਰੀ ਜਾਂਚ ਦੇ ਵੇਚੀਆਂ ਗਈਆਂ ਸਨ, ਜਿਸ ਕਾਰਨ ਦੁਕਾਨ ਮਾਲਕ ਬੀਰਬਲ ਪੁੱਤਰ ਕ੍ਰਿਸ਼ਨ ਚੰਦ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਾਈਬਰ ਕਰਾਈਮ ਪਟਿਆਲਾ 'ਚ ਮੁਕੱਦਮਾ ਨੰਬਰ 29 ਮਿਤੀ 27.08.2025 ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।
ਫਿਲੀਪੀਨਜ਼ ਬੈਠੇ ਬਾਬੂ ਅਤੇ ਸੂਮੀ ਦੇ ਪੰਜਾਬੀ ਕਨੈਕਸ਼ਨ ਦੀ ਜਾਂਚ ਜਾਰੀ ਹੈ ਤਾਂ ਜੋ ਸਾਈਬਰ ਠੱਗੀ ਦੇ ਪੂਰੇ ਜਾਲ ਨੂੰ ਬੇਨਕਾਬ ਕੀਤਾ ਜਾ ਸਕੇ।
Get all latest content delivered to your email a few times a month.