ਤਾਜਾ ਖਬਰਾਂ
ਬਿਹਾਰ ਦੇ ਦਰਭੰਗਾ ਜ਼ਿਲ੍ਹੇ 'ਚ ਹਾਲ ਹੀ 'ਚ ਕਾਂਗਰਸ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਇੱਕ ਵਿਵਾਦਸਪਦ ਘਟਨਾ ਸਾਹਮਣੇ ਆਈ। ਆਯੋਜਿਤ ਰੈਲੀ ਦੌਰਾਨ, ਜਿਸ ਮੰਚ 'ਤੇ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਮੌਜੂਦ ਸਨ, ਉਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਤਾ ਜੀ ਦੇ ਖ਼ਿਲਾਫ਼ ਅਪਸ਼ਬਦ ਵਰਤੇ ਗਏ। ਹੁਣ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਦਰਦ ਜ਼ਾਹਿਰ ਕੀਤਾ ਹੈ।
ਪਟਨਾ ਵਿੱਚ ਇੱਕ ਸਮਾਗਮ ਦੌਰਾਨ, ਜਿੱਥੇ ਉਨ੍ਹਾਂ ਨੇ ਬਿਹਾਰ ਦੀਆਂ ਮਹਿਲਾਵਾਂ ਲਈ ਸਹਕਾਰੀ ਸੰਸਥਾਵਾਂ ਰਾਹੀਂ ਡਿਜੀਟਲ ਤਰੀਕੇ ਨਾਲ ਆਰਥਿਕ ਸਹਾਇਤਾ ਸਕੀਮ ਦੀ ਸ਼ੁਰੂਆਤ ਕੀਤੀ, ਉਥੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਇਸ ਮਾਮਲੇ 'ਤੇ ਭਾਵੁਕ ਹੋ ਕੇ ਆਪਣੀ ਮਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, "ਮਾਂ ਹੀ ਤਾਂ ਸਾਡੀ ਦੁਨੀਆ ਹੁੰਦੀ ਹੈ, ਮਾਂ ਹੀ ਸਾਡਾ ਗੌਰਵ ਹੁੰਦੀ ਹੈ। ਬਿਹਾਰ ਵਰਗੇ ਸੰਸਕਾਰਾਂ ਵਾਲੇ ਰਾਜ ਵਿੱਚ ਜੋ ਕੁਝ ਕੁ ਦਿਨ ਪਹਿਲਾਂ ਹੋਇਆ, ਉਸਦੀ ਮੈਂ ਕਦੇ ਕਲਪਨਾ ਵੀ ਨਹੀਂ ਕਰੀ ਸੀ। ਨਾ ਹੀ ਬਿਹਾਰ ਦੇ ਲੋਕਾਂ ਨੇ ਕਦੇ ਸੋਚਿਆ ਸੀ। ਕਾਂਗਰਸ ਅਤੇ ਆਰ.ਜੇ.ਡੀ. ਦੇ ਮੰਚ ਤੋਂ ਮੇਰੀ ਮਾਂ ਨੂੰ ਗਾਲ੍ਹਾਂ ਕੱਢਿਆ ਗਈਆਂ... ਇਹ ਸਿਰਫ਼ ਮੇਰੀ ਮਾਂ ਦਾ ਅਪਮਾਨ ਨਹੀਂ, ਇਹ ਤਾਂ ਦੇਸ਼ ਦੀ ਹਰ ਮਾਂ, ਹਰ ਭੈਣ ਅਤੇ ਧੀ ਦਾ ਅਪਮਾਨ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਗਰੀਬੀ ਦੇ ਸਮੇਂ ਦੇਖੇ ਸਨ, ਕਈ ਮੁਸ਼ਕਲਾਂ 'ਚ ਜੀਵਨ ਜੀਆ, ਪਰ ਉਨ੍ਹਾਂ ਨੇ ਆਪਣੇ ਪੁੱਤ ਨੂੰ ਦੇਸ਼ਸੇਵਾ ਲਈ ਤਿਆਰ ਕੀਤਾ। ਉਨ੍ਹਾਂ ਅੱਗੇ ਕਿਹਾ, "ਮੈਨੂੰ ਪਤਾ ਹੈ ਕਿ ਬਿਹਾਰ ਦੀ ਹਰ ਮਾਂ ਨੂੰ, ਤੁਹਾਨੂੰ ਸਭ ਨੂੰ ਇਹ ਦੇਖ-ਸੁਣ ਕੇ ਦੁੱਖ ਹੋਇਆ ਹੋਵੇਗਾ। ਮੇਰੇ ਦਿਲ ਵਿੱਚ ਜਿੰਨਾ ਦਰਦ ਹੈ, ਉਨਾ ਹੀ ਦਰਦ ਮੇਰੇ ਬਿਹਾਰ ਦੇ ਲੋਕਾਂ ਨੂੰ ਵੀ ਹੈ । ਇਸ ਲਈ ਅੱਜ ਜਦ ਮੈਂ ਇਥੇ ਲੱਖਾਂ ਮਾਵਾਂ-ਭੈਣਾਂ ਦੇ ਦਰਸ਼ਨ ਕਰ ਰਿਹਾ ਹਾਂ, ਤਾਂ ਮੈਂ ਆਪਣਾ ਇਹ ਦੁੱਖ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਤਾਂ ਜੋ ਤੁਹਾਡੇ ਆਸ਼ੀਰਵਾਦ ਨਾਲ ਮੈਂ ਇਹ ਸਹਿ ਸਕਾਂ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਰ ਦਿਨ ਦੇਸ਼ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕੀਤਾ ਹੈ, ਅਤੇ ਇਸ ਰਸਤੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਉਨ੍ਹਾਂ ਭਾਵੁਕ ਹੋ ਕੇ ਕਿਹਾ, "ਹੁਣ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ। ਕੁਝ ਸਮਾਂ ਪਹਿਲਾਂ 100 ਸਾਲ ਦੀ ਉਮਰ ਪੂਰੀ ਕਰਕੇ ਉਹ ਸਦਾ ਲਈ ਚਲੀ ਗਈ। ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਉਹ ਮਾਂ ਹੁਣ ਸਰੀਰਕ ਤੌਰ 'ਤੇ ਵੀ ਮੌਜੂਦ ਨਹੀਂ। ਫਿਰ ਵੀ, ਉਨ੍ਹਾਂ ਨੂੰ ਆਰ.ਜੇ.ਡੀ. ਅਤੇ ਕਾਂਗਰਸ ਦੇ ਮੰਚ ਤੋਂ ਭੱਦੀ-ਭੱਦੀ ਗਾਲਾਂ ਦਿੱਤੀਆਂ ਗਈਆਂ। ਇਹ ਬਹੁਤ ਹੀ ਦੁਖਦਾਈ ਘਟਨਾ ਹੈ।
ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ:
"ਇੱਕ ਗਰੀਬ ਮਾਂ ਇਦਾਂ ਹੀ ਤਪ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਦਿੰਦੀ ਹੈ। ਇਨ੍ਹਾਂ ਕਰਕੇ ਹੀ ਮਾਂ ਦਾ ਸਥਾਨ ਦੇਵੀ-ਦੇਵਤਿਆਂ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ। ਇਹਨਾਂ ਨੂੰ ਲੱਗਦਾ ਹੈ ਕਿ ਕੁਰਸੀ ਉਨ੍ਹਾਂ ਦੀ ਜਾਇਦਾਦ ਹੈ। ਪਰ ਦੇਸ਼ ਦੀ ਜਨਤਾ ਨੇ, ਦੇਸ਼ ਦੀ ਜਨਤਾ-ਜਨਾਰਦਨ ਨੇ, ਇੱਕ ਗਰੀਬ ਮਾਂ ਦੇ ਕਰਮਠ ਬੱਚੇ ਨੂੰ ਆਸ਼ੀਰਵਾਦ ਦੇ ਕੇ ਪ੍ਰਧਾਨ ਸੇਵਕ ਬਣਾ ਦਿੱਤਾ। ਇਹ ਗੱਲ ਨਾਮਦਾਰਾਂ ਨੂੰ ਹਜ਼ਮ ਨਹੀਂ ਹੋ ਰਹੀ।"
Get all latest content delivered to your email a few times a month.