ਤਾਜਾ ਖਬਰਾਂ
ਬਰਨਾਲਾ- ਬਰਨਾਲਾ ਜ਼ਿਲ੍ਹੇ ਤੋਂ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਬਰਨਾਲਾ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਪਤੀ-ਪਤਨੀ ਅੱਗ ਦੀ ਲਪੇਟ 'ਚ ਆਉਣ ਨਾਲ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ । ਇਹ ਘਟਨਾ ਅੱਧੀ ਰਾਤ ਵਾਪਰੀ, ਜਦੋਂ ਪਰਿਵਾਰਕ ਮੈਂਬਰ ਡੂੰਘੀ ਨੀਂਦ ਵਿੱਚ ਸੁੱਤੇ ਪਏ ਸਨ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ 49 ਸਾਲਾ ਜਗਰੂਪ ਸਿੰਘ ਪੁੱਤਰ ਲਾਭ ਸਿੰਘ ਅਤੇ ਉਸਦੀ ਪਤਨੀ ਅੰਗਰੇਜ਼ ਕੌਰ ਵਜੋਂ ਹੋਈ ਹੈ। ਦੋਵੇਂ ਆਪਣੇ ਕਮਰੇ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਕਮਰੇ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਜਗਰੂਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬੁਰੀ ਤਰ੍ਹਾਂ ਸੜ ਚੁੱਕੀ ਅੰਗਰੇਜ਼ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਉੱਥੋਂ ਉਸਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ, ਹਾਲਾਂਕਿ ਇਸਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ। ਇਸ ਘਟਨਾ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਜਗਰੂਪ ਸਿੰਘ ਦੇ ਘਰ ਦੇ ਨੇੜੇ ਛੱਤ 'ਤੇ ਸੌਂ ਰਿਹਾ ਇੱਕ ਨੌਜਵਾਨ ਅਚਾਨਕ ਮੀਂਹ ਪੈਣ ਕਾਰਨ ਜਾਗਿਆ ਅਤੇ ਘਰ ਵਿੱਚੋਂ ਧੂੰਆਂ ਉੱਠਦਾ ਦੇਖਿਆ। ਨੌਜਵਾਨ ਨੇ ਤੁਰੰਤ ਅਲਾਰਮ ਵਜਾਇਆ ਅਤੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ। ਜਦੋਂ ਤੱਕ ਲੋਕ ਮੌਕੇ 'ਤੇ ਪਹੁੰਚੇ, ਜਗਰੂਪ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਅੰਗਰੇਜ਼ ਕੌਰ ਸੜਨ ਕਾਰਨ ਦਰਦ ਨਾਲ ਤੜਫ ਰਹੀ ਸੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
Get all latest content delivered to your email a few times a month.