ਤਾਜਾ ਖਬਰਾਂ
ਮਜੀਠੀਆ ਨੂੰ ਬਚਾਉਣ 'ਚ ਲੱਗੀ ਭਾਜਪਾ, ਕੇਂਦਰੀ ਏਜੰਸੀਆਂ ਜਾਂਚ ਵਿੱਚ ਕਰ ਰਹੀ ਬੇਲੋੜੀ ਦਖ਼ਲਅੰਦਾਜ਼ੀ - ਤਰੁਣਪ੍ਰੀਤ ਸੌਂਧ
ਚੰਡੀਗੜ੍ਹ, 1 ਜੁਲਾਈ:
ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਭਾਜਪਾ 'ਤੇ ਮਜੀਠੀਆ ਵਿਰੁੱਧ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਅਤੇ ਅਜਿਹੀਆਂ ਕਾਰਵਾਈਆਂ ਦੇ ਪਿੱਛੇ ਉਸ ਦੇ ਇਰਾਦੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਸੌਂਧ ਨੇ ਕਿਹਾ ਕਿ ਪੰਜਾਬ ਵਿਜੀਲੈਂਸ ਮਜੀਠੀਆ ਦੀਆਂ ਆਮਦਨ ਤੋਂ ਵੱਧ ਜਾਇਦਾਦਾਂ ਅਤੇ ਉਨ੍ਹਾਂ ਦੇ ਫੰਡਿੰਗ ਸਰੋਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, "ਪੰਜਾਬ ਪੁਲਿਸ ਨੇ ਕਾਨੂੰਨ ਦੀ ਪੂਰੀ ਪਾਲਣਾ ਕਰਦੇ ਹੋਏ ਦਸਤਾਵੇਜ਼ ਅਤੇ ਸਬੂਤ ਇਕੱਠੇ ਕਰਨ ਲਈ ਮਜੀਠੀਆ ਦੀਆਂ ਜਾਇਦਾਦਾਂ 'ਤੇ ਛਾਪੇਮਾਰੀ ਕਰਨ ਲਈ ਦਿੱਲੀ ਪਹੁੰਚ ਕੀਤੀ ਸੀ। ਹਾਲਾਂਕਿ, ਦਿੱਲੀ ਪੁਲਿਸ, ਜੋ ਭਾਜਪਾ ਦੇ ਅਧੀਨ ਕੰਮ ਕਰਦੀ ਹੈ, ਨੇ ਪੰਜਾਬ ਪੁਲਿਸ ਨੂੰ ਇਹ ਛਾਪੇਮਾਰੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।"
ਮੰਤਰੀ ਨੇ ਭਾਜਪਾ ਦੇ ਇਰਾਦਿਆਂ 'ਤੇ ਸਵਾਲ ਉਠਾਉਂਦੇ ਹੋਏ ਪੁੱਛਿਆ, "ਕੀ ਭਾਜਪਾ ਹੁਣ ਬਿਕਰਮ ਮਜੀਠੀਆ ਦੀ ਮਦਦ ਕਰ ਰਹੀ ਹੈ? ਕੀ ਉਹ ਰਾਜਨੀਤਿਕ ਲਾਭ ਦੇ ਬਦਲੇ ਉਨ੍ਹਾਂ ਨੂੰ ਬਚਾ ਰਹੇ ਹਨ?"
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਮਜੀਠੀਆ ਨੂੰ ਬਚਾਉਣ ਲਈ ਉਨ੍ਹਾਂ ਨਾਲ ਇੱਕ ਗੁਪਤ ਸਮਝੌਤਾ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਪਾਰਟੀ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਬਰਕਰਾਰ ਰਹੇ। ਸੌਂਧ ਨੇ ਕਿਹਾ, "ਸਾਨੂੰ ਭਰੋਸੇਯੋਗ ਰਿਪੋਰਟਾਂ ਮਿਲੀਆਂ ਹਨ ਕਿ ਭਾਜਪਾ ਨੇ ਮਜੀਠੀਆ ਨੂੰ ਉਨ੍ਹਾਂ ਦੇ ਮਾਮਲੇ ਵਿੱਚ ਇਸ ਸ਼ਰਤ 'ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਨਾਲ ਗੱਠਜੋੜ ਕਰੇ।"
ਚਰਨਜੀਤ ਸਿੰਘ ਚੰਨੀ, ਪ੍ਰਤਾਪ ਬਾਜਵਾ ਅਤੇ ਰਵਨੀਤ ਬਿੱਟੂ ਵਰਗੇ ਵਿਰੋਧੀ ਆਗੂਆਂ ਦੇ ਮਜੀਠੀਆ ਦੇ ਬਚਾਅ ਵਿੱਚ ਆਉਣ ਦੀ ਵਿਡੰਬਣਾ ਨੂੰ ਉਜਾਗਰ ਕਰਦੇ ਹੋਏ, ਸੌਂਧ ਨੇ ਜਨਤਾ ਨੂੰ ਅਕਾਲੀ ਆਗੂਆਂ ਵਿਰੁੱਧ ਉਨ੍ਹਾਂ ਦੇ ਪੁਰਾਣੀ ਬਿਆਨਬਾਜ਼ੀ ਦੀ ਯਾਦ ਦਿਵਾਈ। ਉਨ੍ਹਾਂ ਕਿਹਾ, "2017 ਵਿੱਚ ਅਕਾਲੀ ਸਰਕਾਰ ਦੇ ਜਾਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਉਹ ਮਜੀਠੀਆ ਨੂੰ ਜੇਲ੍ਹ ਵਿੱਚ ਸੁੱਟਣਗੇ। ਹੁਣ, ਉਹ ਉਸਦਾ ਬਚਾਅ ਕਰ ਰਹੇ ਹਨ, ਜੋ ਉਨ੍ਹਾਂ ਦੇ ਪਖੰਡ ਨੂੰ ਬੇਨਕਾਬ ਕਰਦਾ ਹੈ।"
ਸੌਂਧ ਨੇ ਪੰਜਾਬ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਆਮ ਆਦਮੀ ਪਾਰਟੀ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਨੂੰ 2022 ਦੀਆਂ ਚੋਣਾਂ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਇਸ ਦੇ ਲਈ ਜ਼ਿੰਮੇਵਾਰ ਵੱਡੀਆਂ ਮੱਛੀਆਂ 'ਤੇ ਕਾਰਵਾਈ ਕਰ ਰਹੇ ਹਾਂ ਅਤੇ ਜੇਲ ਭੇਜ ਰਹੇ ਹਾਂ। ਪਰ ਹੁਣ, ਇਹ ਆਗੂ ਯੂ-ਟਰਨ ਲੈ ਰਹੇ ਹਨ ਕਿਉਂਕਿ ਉਹ ਅਸਲ ਜਵਾਬਦੇਹੀ ਬਰਦਾਸ਼ਤ ਨਹੀਂ ਕਰ ਪਾ ਰਹੇ।"
ਵਿਰੋਧੀ ਆਗੂਆਂ 'ਤੇ ਨਿਸ਼ਾਨਾ ਸਾਧਦੇ ਹੋਏ, ਸੌਂਧ ਨੇ ਉਨ੍ਹਾਂ ਨੂੰ ਮਜੀਠੀਆ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਅਤੇ ਪੁੱਛਿਆ "ਕੀ ਉਹ ਮਜੀਠੀਆ ਦੇ ਹੱਕ ਵਿੱਚ ਹਨ ਜਾਂ ਉਹ ਪੰਜਾਬ ਦੇ ਹੱਕ ਵਿੱਚ? ਉਨ੍ਹਾਂ ਨੂੰ ਆਪਣਾ ਗਿਰਗਿਟ ਵਰਗਾ ਵਿਵਹਾਰ ਬੰਦ ਕਰਨਾ ਚਾਹੀਦਾ ਹੈ।"
ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਜਪਾ ਅਤੇ ਵਿਰੋਧੀ ਆਗੂਆਂ ਦੀ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਰੁਕਾਵਟ ਪਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਦਾ ਸਮਰਥਨ ਕਰਨ ਲਈ ਆਲੋਚਨਾ ਕੀਤੀ।
ਸੋਂਧ ਨੇ ਕਿਹਾ, "ਭਾਜਪਾ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਪੰਜਾਬ ਪੁਲਿਸ ਜੋ ਦਿੱਲੀ ਵਿੱਚ ਮਜੀਠੀਆ ਦੀਆਂ ਜਾਇਦਾਦਾਂ 'ਤੇ ਛਾਪੇਮਾਰੀ ਕਰਨ ਲਈ ਤਿਆਰ ਸੀ, ਉਸ ਨੂੰ ਦਿੱਲੀ ਪੁਲਿਸ ਨੇ ਰੋਕ ਦਿੱਤਾ ਜੋ ਭਾਜਪਾ ਦੇ ਕੰਟਰੋਲ ਹੇਠ ਹੈ। ਇਹ ਭਾਜਪਾ ਦੀ ਮਜੀਠੀਆ ਨਾਲ ਮਿਲੀਭੁਗਤ ਦਾ ਸਬੂਤ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਸਾਰੇ ਦੇਖਾਂਗੇ ਕਿ ਮਜੀਠੀਆ ਆਪਣੇ ਨਿੱਜੀ ਹਿੱਤਾਂ ਦੀ ਰਾਖੀ ਲਈ ਅਕਾਲੀ ਦਲ ਦੇ ਆਗੂਆਂ ਨਾਲ ਮਿਲ ਕੇ ਭਾਜਪਾ ਨਾਲ ਗੱਠਜੋੜ ਕਰਨਗੇ। ਇਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਹੈ।"
Get all latest content delivered to your email a few times a month.