ਤਾਜਾ ਖਬਰਾਂ
ਬਠਿੰਡਾ, 1 ਜੁਲਾਈ 2025 – ਬਠਿੰਡਾ ਪੁਲਿਸ ਨੇ ਇਰਾਦਤਨ ਕਤਲ ਦੀ ਕੋਸ਼ਿਸ਼ ਨਾਲ ਜੁੜੇ ਦੋ ਵੱਖ ਵੱਖ ਮਾਮਲਿਆਂ ਵਿੱਚ ਚੁਸਤ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਮਾਮਲਾ ਬੇਅੰਤ ਨਗਰ, ਬਠਿੰਡਾ ਨਾਲ ਜੁੜਿਆ ਹੈ। ਇੱਥੇ ਬੱਚਿਆਂ ਦੀਆਂ ਖੇਡਾਂ ਦੌਰਾਨ ਹੋਈ ਇੱਕ ਛੋਟੀ ਲੜਾਈ ਨੇ ਘੰਮਸਾਨ ਰੂਪ ਧਾਰ ਲਿਆ। ਮੁਲਜ਼ਮ ਗੁਰਲਾਲ ਸਿੰਘ ਉਰਫ ਗੁੱਡੂ ਨੇ ਸ਼ਿਕਾਇਤਕਰਤਾ ਸ਼ਿਵ ਲਾਲ ਭੋਲਾ ਦੀ ਨੂੰਹ ਪੂਨਮ ਰਾਣੀ ਨੂੰ ਅਪਸ਼ਬਦ ਕਹੇ, ਜਿਸ ਦਾ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ।
ਇਸ ਮਗਰੋਂ ਗੁਰਲਾਲ ਨੇ ਆਪਣੀ ਘਰਵਾਲੀ ਨਗੀਨਾ ਦੇਵੀ ਅਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਝਗੜਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਸ਼ਿਵ ਲਾਲ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇਨ੍ਹਾਂ ਵਿੱਚੋਂ ਗੁਰਲਾਲ ਸਿੰਘ ਅਤੇ ਨਗੀਨਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਲਾਲ ਖ਼ਿਲਾਫ਼ ਨਸ਼ਾ ਤਸਕਰੀ ਸਹਿਤ ਕਈ ਕ੍ਰਿਮਿਨਲ ਕੇਸ ਦਰਜ ਹਨ।
ਦੂਸਰਾ ਮਾਮਲਾ ਰਾਜਗੜ੍ਹ ਕੁੱਬੇ ਜ਼ਿਲ੍ਹਾ ਬਠਿੰਡਾ ਦੇ ਰਮਨਦੀਪ ਸਿੰਘ ਨਾਲ ਜੁੜਿਆ ਹੈ, ਜਿਸ ਨੂੰ ਖੁਸ਼ਪ੍ਰੀਤ ਸਿੰਘ ਉਰਫ ਖੁਸ਼ੀ, ਹਰਪ੍ਰੀਤ ਸਿੰਘ ਅਤੇ ਹੋਰ 4-5 ਅਣਪਛਾਤਿਆਂ ਨੇ ਰਾਡਾਂ ਅਤੇ ਕ੍ਰਿਪਾਨਾਂ ਨਾਲ ਨਿਰਦੈਤਾ ਨਾਲ ਪੀਟਿਆ।
ਇਸ ਹਮਲੇ ਦੌਰਾਨ ਰਮਨਦੀਪ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਖੁਸ਼ਪ੍ਰੀਤ ਅਤੇ ਹਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
ਡੀਐਸਪੀ ਨੇ ਕਿਹਾ ਕਿ ਦੋਵੇਂ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਜਾਰੀ ਹੈ ਅਤੇ ਕਾਨੂੰਨ ਦੇ ਅਨੁਸਾਰ ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.