ਤਾਜਾ ਖਬਰਾਂ
ਮੁੰਬਈ, 9 ਜੂਨ- ਸੋਮਵਾਰ ਸਵੇਰੇ ਮਹਾਰਾਸ਼ਟਰ ਵਿਖੇ ਠਾਣੇ ਜ਼ਿਲ੍ਹੇ ਦੇ ਮੁੰਬਰਾ-ਦਿਵਾ ਰੇਲਵੇ ਸਟੇਸ਼ਨ ਨੇੜੇ ਇੱਕ ਗੰਭੀਰ ਰੇਲ ਹਾਦਸਾ ਵਾਪਰਿਆ, ਜਦੋਂ ਸਵੇਰੇ 9:30 ਵਜੇ CSMT ਵੱਲ ਜਾ ਰਹੀ ਇੱਕ ਤੇਜ਼ ਲੋਕਲ ਟ੍ਰੇਨ ਤੋਂ 10 ਤੋਂ 12 ਯਾਤਰੀ ਰੇਲ ਲਾਈਨ 'ਤੇ ਡਿੱਗ ਪਏ, ਜਿਸ ਕਾਰਨ ਘੱਟੋ-ਘੱਟ 6 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਸਮੇਂ ਉੱਥੇ ਦੁਸਰੀ ਟ੍ਰੇਨ, ਪੁਸ਼ਪਕ ਐਕਸਪ੍ਰੈਸ ਵੀ ਲੰਘ ਰਹੀ ਸੀ, ਜਿਸ ਕਾਰਨ ਇਹ ਸਪੱਸ਼ਟ ਨਹੀਂ ਕਿ ਯਾਤਰੀ ਕਿਸ ਟ੍ਰੇਨ ਤੋਂ ਡਿੱਗੇ। ਚਸ਼ਮਦੀਦਾਂ ਨੇ ਦੱਸਿਆ ਕਿ ਟ੍ਰੇਨਾਂ ਵਿੱਚ ਭਾਰੀ ਭੀੜ ਸੀ ਅਤੇ ਕਈ ਯਾਤਰੀ ਖਿੜਕੀਆਂ ਜਾਂ ਦਰਵਾਜਿਆਂ 'ਤੇ ਲਟਕੇ ਹੋਏ ਸਨ, ਜਿਸ ਕਾਰਨ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਠਾਣੇ ਦੇ ਸਿਵਲ ਹਸਪਤਾਲ ਅਤੇ ਕਲਿਆਣ ਦੇ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਹਾਲਾਂਕਿ ਮੌਤ ਦੀ ਪੁਸ਼ਟੀ ਨਹੀਂ ਹੋਈ। ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਰੇਲਵੇ ਪ੍ਰਸ਼ਾਸਨ ਨੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਮੱਧ ਰੇਲਵੇ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਕੁਝ ਸਮੇਂ ਲਈ ਮੁੰਬਰਾ-ਦਿਵਾ ਸੈਕਸ਼ਨ 'ਤੇ ਟ੍ਰੇਨ ਗਤਿਵਿਧੀ ਹੌਲੀ ਰਹੀ, ਜਿਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਕਰੀਬ 80 ਲੱਖ ਯਾਤਰੀਆਂ ਵਾਲੀ ਮੁੰਬਈ ਦੀ ਲੋਕਲ ਸੇਵਾ ਵਿੱਚ ਇਨ੍ਹਾਂ ਹਾਦਸਿਆਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
Get all latest content delivered to your email a few times a month.