ਤਾਜਾ ਖਬਰਾਂ
ਵਾਹਗਾ, 19 ਜਨਵਰੀ: ਲਾਹੌਰ ਵਿਖੇ 19 ਤੋਂ 21 ਜਨਵਰੀ ਤੱਕ ਹੋਣ ਵਾਲੀ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਭਾਰਤ ਤੋਂ 65 ਮੈਂਬਰੀ ਜੱਥਾ ਅੱਜ ਵਾਹਗਾ-ਅਟਾਰੀ ਸੜਕ ਰਾਸਤਿਓ ਪਾਕਿਸਤਾਨ ਵਿੱਚ ਦਾਖਲ ਹੋਇਆ। ਪਾਕਿਸਤਾਨ ਦੇ ਸਾਬਕਾ ਵਜ਼ੀਰ ਫਖਰ ਜਮਾਨ ਦੇ ਸੱਦੇ ਉੱਪਰ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਪੁੱਜੇ ਡੈਲੀਗੇਸ਼ਨ ਦੀ ਅਗਵਾਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ, ਭਾਰਤੀ ਚੈਪਟਰ ਦੇ ਚੇਅਰਮੈਨ ਡਾ ਦੀਪਕ ਮਨਮੋਹਨ ਸਿੰਘ ਤੇ ਉੱਘੇ ਕਵੀ ਅਤੇ ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਕਰ ਰਹੇ ਹਨ। ਇਸ ਵਾਰ ਕਾਨਫਰੰਸ ਸੂਫੀਇਜ਼ਮ ਬਾਰੇ ਹੋਵੇਗੀ ਜਿਸ ਵਿੱਚ ਵੱਖ-ਵੱਖ ਪੇਪਰ ਪੜ੍ਹੇ ਜਾਣਗੇ ਤੇ ਵਿਚਾਰਾਂ ਹੋਣਗੀਆਂ। ਡੈਲੀਗੇਸ਼ਨ ਵਿੱਚ ਸਾਹਿਤ, ਕਲਾ, ਸੱਭਿਆਚਾਰ, ਪੱਤਰਕਾਰੀ ਖੇਤਰ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਸਾਬਕਾ ਆਈ.ਏ.ਐਸ., ਆਈ.ਪੀ.ਐਸ. ਅਧਿਕਾਰੀ, ਪ੍ਰੋਫੈਸਰ ਆਦਿ ਸ਼ਾਮਲ ਹਨ। ਕਾਨਫਰੰਸ ਦੌਰਾਨ ਗੁਰਭਜਨ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ ਤੇ ਨਵਦੀਪ ਸਿੰਘ ਗਿੱਲ ਦੀਆਂ ਗੁਰਮੁਖੀ ਦੇ ਨਾਲ ਸ਼ਾਹਮੁੱਖੀ ਵਿੱਚ ਪ੍ਰਕਾਸ਼ਿਤ ਨਵੀਆਂ ਪੁਸਤਕਾਂ ਵੀ ਰਿਲੀਜ਼ ਵੀ ਹੋਣਗੀਆਂ। ਵਫ਼ਦ ਵਿੱਚ ਸ਼ਾਮਲ ਪ੍ਰਮੁੱਖ ਸਖਸ਼ੀਅਤਾਂ ਵਿੱਚ ਦਰਸ਼ਨ ਸਿੰਘ ਬੁੱਟਰ, ਡਾ ਸੁਖਦੇਵ ਸਿਰਸਾ, ਕਾਹਨ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਤੂਰ, ਜੰਗ ਬਹਾਦਰ ਗੋਇਲ, ਅੰਮ੍ਰਿਤ ਕੌਰ ਗਿੱਲ, ਪੰਮੀ ਬਾਈ, ਡੌਲੀ ਗੁਲੇਰੀਆ, ਸੁਨੀਤਾ ਧੀਰ ਆਦਿ ਸ਼ਾਮਲ ਹਨ। ਡੈਲੀਗੇਸ਼ਨ ਵੱਲੋਂ ਲਾਹੌਰ ਦੇ ਨਾਲ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਗੁਜਰਾਂਵਾਲਾ ਤੇ ਕਸੂਰ ਦਾ ਵੀ ਦੌਰਾ ਕੀਤਾ ਜਾਵੇਗਾ।
Get all latest content delivered to your email a few times a month.