IMG-LOGO
ਹੋਮ ਪੰਜਾਬ, ਸਿੱਖਿਆ, ਪਤਾਰਾ ਵਿਖੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੀ ਸ਼ਾਨਦਾਰ ਸ਼ੁਰੂਆਤ, 17...

ਪਤਾਰਾ ਵਿਖੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੀ ਸ਼ਾਨਦਾਰ ਸ਼ੁਰੂਆਤ, 17 ਬਲਾਕਾਂ ਦੀਆਂ ਜੇਤੂ ਟੀਮਾਂ ਨੇ ਲਿਆ ਭਾਗ

Admin User - Jan 16, 2025 04:02 PM
IMG

ਜਲੰਧਰ , 16 ਜਨਵਰੀ-  ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨੈਸ਼ਨਲ ਅਵਾਰਡੀ ਡਾ. ਗੁਰਿੰਦਰਜੀਤਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸਟੇਟ ਅਵਾਰਡੀ ਰਾਜੀਵ ਜੋਸ਼ੀ ਅਤੇ ਨੋਡਲ ਅਫ਼ਸਰ ਸੁਖਦੇਵ ਲਾਲ ਬੱੱਬਰ ਦੀ ਅਗਵਾਈ ਵਿੱਚ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਵਿਖੇ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਈ ਗਈ। ਪ੍ਰਿੰਸੀਪਲ-ਕਮ-ਕੋਆਰਡੀਨੇਟਰ ਸ਼ਸ਼ੀ ਕੁਮਾਰ ਅਤੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਜੀਵਨ ਕੁਮਾਰ ਦੀ ਮੇਜ਼ਬਾਨੀ ਵਿੱਚ ਕਰਵਾਏ ਜਾ ਰਹੇ ਇਸ ਜਿਲ੍ਹਾ ਪੱਧਰੀ ਪ੍ਰਦਰਸ਼ਨੀ ਦੇ ਪਹਿਲੇ ਦਿਨ ਜਿਲ੍ਹੇ ਦੇ 17 ਬਲਾਕਾਂ ਦੇ ਵਿੱਦਿਆਰਥੀਆਂ ਵਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਵਰਕਿੰਗ ਮਾਡਲ ਪੇਸ਼ ਕੀਤੇ ਗਏ। ਨੋਡਲ ਅਫ਼ਸਰ ਸੁਖਦੇਵ ਲਾਲ ਬੱਬਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਪਹਿਲੇ ਦਿਨ ਮਿਡਲ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਦੂਸਰੇ ਦਿਨ ਸੀਨੀਅਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰਿੰਸੀਪਲ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਇਸ ਸਾਇੰਸ ਪ੍ਰਦਰਸ਼ਨੀ ਦੌਰਾਨ ਵਿੱਦਿਆਰਥੀਆਂ ਵਲੋਂ ਭੋਜਨ, ਸਿਹਤ ਤੇ ਸਫਾਈ, ਆਵਾਜਾਈ ਤੇ ਸੰਚਾਰ, ਕੁਦਰਤੀ ਖੇਤੀ, ਆਪਦਾ ਪ੍ਰਬੰਧਨ, ਗਣਿਤਕ ਮਾਡਲਿੰਗ, ਵੇਸਟ ਮੈਨੇਜਮੈਂਟ ਅਤੇ ਸਰੋਤ ਪ੍ਰਬੰਧਨ ਮੁੱਖ ਵਿਸ਼ਿਆਂ 'ਤੇ ਅਧਾਰਿਤ ਮਾਡਲਾਂ ਦੀ ਪੇਸ਼ਕਾਰੀ ਕੀਤੀ ਗਈ। ਅੱਜ ਦੇ ਮੁਕਾਬਲਿਆਂ ਦੌਰਾਨ ਵਿਸ਼ੇਸ਼ ਮਹਿਮਾਨ ਭੁਪਿੰਦਰ ਸਿੰਘ ਖੱਟੜ ਵਲੋਂ ਵਿੱਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋਂ ਵਧੀਆ ਪ੍ਰਬੰਧਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਦੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ ਗਈ। ਉੱਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿੱਦਿਆਰਥੀਆਂ ਦੇ ਬਣਾਏ ਗਏ ਮਾਡਲਾਂ ਦੀ ਜੰਮ ਕੇ ਤਾਰੀਫ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੇ ਵਰਕਿੰਗ ਮਾਡਲਾਂ ਦੀ ਸਹਾਇਤਾ ਨਾਲ ਵਿਸ਼ੇ ਨੂੰ ਰੌਚਕ ਤਰੀਕੇ ਨਾਲ ਸਿੱਖਣ ਵਿੱਚ ਮਦਦ ਮਿਲੇਗੀ। ਮੀਡੀਆ ਇੰਚਾਰਜ ਹਰਜੀਤ ਸਿੰਘ ਵਲੋਂ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕੀਤੇ ਗਏ। ਭੋਜਨ ਸਿਹਤ ਤੇ ਸਫ਼ਾਈ ਉਪ ਵਿਸ਼ੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਸਤਫਾਪੁਰ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਨੇ ਤੀਸਰਾ ਸਥਾਨ ਹਾਸਲ ਕੀਤਾ। ਆਵਾਜਾਈ ਤੇ ਸੰਚਾਰ ਵਿਸ਼ੇ ਅਧੀਨ ਸਰਕਾਰੀ ਮਿਡਲ ਸਕੂਲ ਬੱਲ ਨੌ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਮੁਰੀਦਵਾਲ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਆਧੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੁਦਰਤੀ ਖੇਤੀ ਵਿਸ਼ੇ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਆਪਦਾ ਪ੍ਰਬੰਧਨ ਵਿਸ਼ੇ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਗਿੱਲ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਗਣਿਤਕ ਮਾਡਲਿੰਗ ਵਿਸ਼ੇ ਅਧੀਨ ਸਕੂਲ ਆਫ਼ ਐਮੀਨੈਂਸ ਆਦਮਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ (ਮੁੰਡੇ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੇਸਟ ਮੈਨੇਜਮੈਂਟ ਵਿਸ਼ੇ ਅਧੀਨ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਨੇ ਪਹਿਲਾ, ਸਕੂਲ ਆਫ਼ ਐਮੀਨੈਂਸ ਬਾਜਵਾ ਕਲਾਂ ਨੇ ਦੂਸਰਾ ਅਤੇ ਸਰਕਾਰੀ ਮਿਡਲ ਸਕੂਲ ਕੰਗਣੀਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰੋਤ ਪ੍ਰਬੰਧਨ ਵਿਸ਼ੇ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਨਵਾਂ ਪਿੰਡ ਜੱਟਾਂ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਸ਼ਸ਼ੀ ਕੁਮਾਰ ਵੱਲੋਂ ਜੇਤੂ ਵਿੱਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜੀਵ ਜੋਸ਼ੀ ਵੱਲੋਂ ਜੇਤੂ ਵਿੱਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਅੱਜ ਦੇ ਮੁਕਾਬਲਿਆਂ ਵਿੱਚ ਲੈਕਚਰਾਰ ਸੰਦੀਪ ਸਾਗਰ, ਗੁਰਬਲਜੀਤ ਸਿੰਘ, ਪਰਮਜੀਤ ਕੌਰ, ਤਮੰਨਾ, ਸੁਰਿੰਦਰ ਕੁਮਾਰ, ਮਨੀਸ਼ ਕੁਮਾਰ, ਅੰਕੁਸ਼ ਅਰੋੜਾ, ਜੈਸਮੀਨ ਗੌਤਮ, ਰਾਧਿਕਾ, ਰੋਮਿੰਦਰ ਕੌਰ, ਹਿਤੇਸ਼ ਕੁਮਾਰ ਅਤੇ ਅਲਪਨਾ ਵਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਹਰਜੀਤ ਕੁਮਾਰ ਬਾਵਾ ਵਲੋੰ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਲ੍ਹੇ ਵਿੱਚੋਂ ਹਰੇਕ ਵਿਸ਼ੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿੱਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਕੰਚਨ ਸ਼ਰਮਾ, ਰਜਨੀਸ਼, ਸੁਰੇਖਾ ਅਤੇ ਤੇਜਿੰਦਰ ਕੌਰ ਤੋ ਅਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਵਿੱਦਿਆਰਥੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.