ਤਾਜਾ ਖਬਰਾਂ
ਮਾਨਸਾ, 16 ਜਨਵਰੀ :(ਸੰਜੀਵ ਜਿੰਦਲ) ਪੰਜਾਬ ਸਰਕਾਰ ਵੱਲੋਂ ਪਲੇਅ ਵੇਅ ਸਕੂਲਾਂ ਲਈ ‘ਅਰਲੀ ਚਾਇਲਡ ਹੁੱਡ ਕੇਅਰ ਐਂਡ ਐਜੂਕੇਸ਼ਨ ਸਕੀਮ’ ਤਹਿਤ ਬੱਚਿਆਂ ਦੀ ਨਵੀਂ ਰਜਿਸਟਰੇਸ਼ਨ ’ਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਿੰਦਰਪਾਲ ਕੌਰ ਨੇ ਦੱਸਿਆ ਕਿ ਪਲੇਅ ਵੇਅ ਸਕੂਲਾਂ ਲਈ ਆਨਲਾਇਨ ਰਜਿਸਟ੍ਰੇਸ਼ਨ ਕਰਨ ਲਈ ਨਵੀਆਂ ਹਦਾਇਤਾਂ ਤਹਿਤ ਪੰਜਾਬ ਵਿੱਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇਅ ਵੇਅ ਸਕੂਲ ਹੁਣ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਰਜਿਸਟਰਡ ਕੀਤੇ ਜਾਣਗੇ ਅਤੇ ਇਸ ਰਜਿਸਟਰੇਸ਼ਨ ਤੋਂ ਬਾਅਦ ਸਰਕਾਰ ਕੋਲ ਬੱਚਿਆਂ ਦੇ ਸਾਰੇ ਵੇਰਵੇ ਮੌਜੂਦ ਹੋਣਗੇ।
ਉਨ੍ਹਾਂ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਾਰੇ ਨਿੱਜੀ ਪਲੇਅ ਵੇਅ ਸਕੂਲਾਂ ਦੀ ਨਵੀਂ ਰਜਿਸਟ੍ਰੇਸ਼ਨ ਤੇ ਪੁਰਾਣੀ ਰਜਿਸਟ੍ਰੇਸ਼ਨ ਰੀਨਿਊ ਕਰਵਾਈ ਜਾਣੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਜਿਸ ਸਬੰਧੀ ਵਿਸਥਾਰ ਵਿੱਚ ਨਿਯਮ ਤੇ ਹਦਾਇਤਾਂ ਲਾਗੂ ਹੋਣਗੀਆਂ। ਨਵੀਆਂ ਹਦਾਇਤਾਂ ਮੁਤਾਬਕ ਪਲੇਅ ਵੇਅ ਸਕੂਲ ਵਿੱਚ ਚਾਰਦਵਾਰੀ, ਹਵਾਦਾਰੀ ਇਮਾਰਤ, ਸਾਫ ਸੁਥਰਾ ਪੀਣ ਯੋਗ ਪਾਣੀ ਤੇ ਸੁਰੱਖਿਆ ਨਿਯਮਾਂ ਸਮੇਤ ਇੱਕ ਅਧਿਆਪਕ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾ ਸਕੇਗਾ। ਇਸ ਦੇ ਨਾਲ ਹੀ ਹਰ ਅਧਿਆਪਕ ਦੇ ਨਾਲ ਇੱਕ ਇੱਕ ਕੇਅਰ ਟੇਕਰ ਹੋਣਾ ਵੀ ਲਾਜ਼ਮੀ ਹੋਵੇਗਾ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਨਵੇਂ ਨਿਯਮਾਂ ਅਨੁਸਾਰ ਸਕੂਲ ਅੰਦਰਲੀ ਬਣਤਰ ਰੈਸਟ ਰੂਮ ਦੀ ਵਿਵਸਥਾ, ਲੜਕੇ ਤੇ ਲੜਕੀਆਂ ਲਈ ਵੱਖਰੇ ਪਖਾਨੇ, ਸਾਰੇ ਸਕੂਲਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਵੀ ਲਾਜ਼ਮੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਵੇਂ ਨਿਯਮਾਂ ਤਹਿਤ ਦਾਖਲੇ ਲਈ ਬੱਚੇ ਲਈ ਕੋਈ ਸਕਰੀਨਿੰਗ ਟੈਸਟ ਜਾਂ ਮਾਤਾ-ਪਿਤਾ ਦੀ ਇੰਟਰਵਿਊ ਲਾਜ਼ਮੀ ਨਹੀਂ ਹੋਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਹੀ ਦਾਖਲੇ ਕਰਵਾਉਣ ਜਿਹੜੇ ਪਹਿਲਾਂ ਹੀ ਵਿਭਾਗ ਨਾਲ ਰਜਿਸਟਰਡ ਹਨ।
Get all latest content delivered to your email a few times a month.