IMG-LOGO
ਹੋਮ ਪੰਜਾਬ: ਸਹਿਜਵੰਤੇ ਪੁੱਤਰ ਜਗਦੇਵ ਸਿੰਘ ਗਰੇਵਾਲ ਦੀ 29 ਦਸੰਬਰ 2024 ਨੂੰ...

ਸਹਿਜਵੰਤੇ ਪੁੱਤਰ ਜਗਦੇਵ ਸਿੰਘ ਗਰੇਵਾਲ ਦੀ 29 ਦਸੰਬਰ 2024 ਨੂੰ ਪਹਿਲੇ ਬਰਸੀ ਸਮਾਗਮ ’ਤੇ ਵਿਸ਼ੇਸ਼- ਪ੍ਰੋ.ਗੁਰਭਜਨ ਸਿੰਘ ਗਿੱਲ

Admin User - Dec 28, 2024 06:00 PM
IMG

.

ਦਾਦ(ਲੁਧਿਆਣਾ) ਦੇ ਜੱਦੀ ਵਸਨੀਕ ਸ੍ਵ. ਸ. ਮਹਿੰਦਰ ਸਿੰਘ ਗਰੇਵਾਲ ਦੇ ਪੋਤਰੇ ਤੇ ਸ. ਰਾਜਵੰਤ  ਸਿੰਘ ਗਰੇਵਾਲ ਦੇ ਵੱਡੇ ਪੁੱਤਰ ਜਗਦੇਵ ਸਿੰਘ ਗਰੇਵਾਲ ਦਾ ਵਿਛੋੜਾ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ ਸਾਡੇ ਸਾਰੇ ਪਰਿਵਾਰਕ ਸਨੇਹੀਆਂ ਲਈ ਵੀ ਅਤਿਅੰਤ ਦੁਖਦਾਈ ਹੈ। ਉਹ ਸ਼ਾਂਤ ਵਗਦਾ ਦਰਿਆ ਸੀ। ਬਲੌਰੀ ਅੱਖਾਂ ਵਾਲਾ ਇਹ ਗੱਭਰੂ ਜਦ ਹੱਸਦਾ ਤਾਂ ਪੌਣਾਂ  ਵਿੱਚ ਮਹਿਕ ਘੋਲ਼ਦਾ। ਚੁੱਪ ਚਾਪ ਰਹਿਣ ਵਾਲਾ ਜਗਦੇਵ ਆਪਣੀ ਕਿਸਮ ਦਾ ਆਪ ਹੀ ਸੀ।
ਉਸ ਦਾ ਜਨਮ 29 ਸਤੰਬਰ 1976 ਨੂੰ ਲੁਧਿਆਣਾ ਦੇ ਕਪੂਰ ਹਸਪਤਾਲ ਵਿੱਚ  ਘਰ ਅੰਦਰ ਪਲੇਠੇ ਪੁੱਤਰ ਵਜੋਂ ਹੋਇਆ।  
ਮਾਂ ਸੁਖਜਿੰਦਰ ਕੌਰ ਤੇ ਬਾਬਲ ਰਾਜਵੰਤ ਸਿੰਘ ਗਰੇਵਾਲ ਨੇ ਉਸ ਨੂੰ ਦਾਦੀ ਮਾਂ ਤੋਂ ਐਸੀ ਗੁੜ੍ਹਤੀ ਦਿਵਾਈ ਕਿ ਉਹ ਕਿਰਤ ਕਰਮ ਨੂੰ ਆਖ਼ਰੀ ਸਵਾਸਾਂ ਤੀਕ ਨਿਭਾ ਗਿਆ।
ਯਾਰਾਂ ਦਾ ਯਾਰ ਸੀ ਜਗਦੇਵ  ਸਿੰਘ ਗਰੇਵਾਲ ਜੋ ਆਪਣੇ ਪਿੱਛੇ ਛੱਡ ਗਿਆ ਸਾਡੇ ਲਈ ਯਾਦਾਂ ਦੀ ਪਟਾਰੀ! ਟੁੱਟੇ ਸੁਪਨਿਆਂ ਦਾ ਕੱਚ ਖਿਲਾਰ ਗਿਆ। ਚੁਗਣਾ ਮੁਹਾਲ  ਹੈ।
ਦਾਦ ਪਿੰਡ ਦਾ ਜੰਮਿਆ ਜਾਇਆ
ਲੁਧਿਆਣਾ ਦੇ ਘੁੱਗ ਵੱਸਦੇ 111 ਬੀ ਸਰਾਭਾ ਨਗਰ ਵਿੱਚੋਂ ਜਗਦੇਵ ਭਰ ਜਵਾਨੀ ‘ਚ ਉਡਾਰੀ ਮਾਰ ਗਿਆ। ਉਸ ਦੇ ਅਚਨਚੇਤ ਚਲੇ ਜਾਣ ਦਾ ਕਿਸੇ ਨੇ ਸੱਤ ਜਨਮ ਸੁਪਨੇ ਵਿਚ ਵੀ ਨਹੀਂ ਸੋਚਿਆ।
ਹਾਏ! ਨਰਮ ਕਾਲਜਾ ਖੁੱਸਦਾ,
ਡੋਰਾ ਸਣੇ ਬਾਜ਼ ਉੱਡ ਗਏ।

ਪਿਆਰਾ ਜਗਦੇਵ ਸਾਨੂੰ ਅੱਧਵਾਟੇ ਛੱਡ ਕੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਜੀ ਹਾਂ, ਇਹ ਪਿਆਰਾ ਪੁੱਤਰ ਸੀ ਦਾਦ ਪਿੰਡ ਵਾਲੇ ਸ. ਮਹਿੰਦਰ ਸਿੰਘ ਗਰੇਵਾਲ ਦਾ ਵੱਡਾ ਪੋਤਰਾ। ਮੇਰੇ ਬਾਲ ਸਖਾ ਮਿੱਤਰ ਰਾਜਵੰਤ ਸਿੰਘ ਗਰੇਵਾਲ ਦਾ ਵੱਡਾ ਪੁੱਤਰ। ਮੇਰੇ ਪੁੱਤਰ ਪੁਨੀਤਪਾਲ ਦਾ ਪਿਛਲੇ 40 ਸਾਲ ਤੋਂ ਵੱਡਾ ਵੀਰਾ। ਗਰੇਵਾਲ ਪਰਿਵਾਰ ਦੀ ਫੁਲਵਾੜੀ ਦਾ ਸੂਹੇ ਗੁਲਾਬ ਵਰਗਾ।
ਇਹ ਰੰਗਲਾ ਸੱਜਣ ਆਪਣੇ ਛੋਟੇ ਲਾਡਲੇ ਭਰਾ ਦਲਜੀਤ ਸਿੰਘ ਗਰੇਵਾਲ ਅਤੇ ਆਪਣੀ ਧਰਮਪਤਨੀ ਅਮਨਪ੍ਰੀਤ ਕੌਰ ਤੇ ਬੱਚਿਆਂ ਸਮੇਤ ਸਮੁੱਚੇ ਪਰਿਵਾਰ ਨੂੰ ਪਿਛਲੇ ਸਾਲ ਫਰਵਰੀ ਵਿੱਚ ਸਦਾ ਲਈ ਅਲਵਿਦਾ ਆਖ ਗਿਆ ਸੀ। 
ਜਗਦੇਵ ਕਦੇ ਜੇਬ ਵਿੱਚ ਬਟੂਆ ਨਹੀਂ ਸੀ ਰੱਖਦਾ। ਨਿੱਕੇ ਭਰਾ ਨੂੰ ਹੀ ਕਹਿੰਦਾ ਕਿ ਏਨੇ ਕੁ ਪੈਸੇ ਦੇ ਦੇ। ਜਦ ਕਦੇ ਦਲਜੀਤ ਨੇ ਕਹਿਣਾ ਕਿ ਵੀਰਿਆ! ਆਪੇ ਹੀ ਕੱਢ ਲੈ ਤਾਂ ਉਸ ਮਿੱਠਾ ਜਿਹਾ ਮੁਸਕਰਾਉਣਾ ਤੇ ਕਹਿਣਾ! ਮੈਥੋਂ ਨਹੀਂ ਇਹ ਪੈਸੇ ਵਾਲੀ ਗਿਣਤੀ ਮਿਣਤੀ ਸਾਂਭੀ ਜਾਂਦੀ। ਤੂੰ ਹੀ ਕਰੀ ਜਾਹ! ਦਰਵੇਸ਼ਾਂ ਵਰਗੀ ਬੇ ਲਾਗ ਰੂਹ ਸੀ ਉਸ ਦੀ।
ਜਗਦੇਵ ਨੇ ਮੁੱਢਲੀ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ  ਤੋਂ ਕਰਨ ਉਪਰੰਤ ਨਿਊ ਹਾਇਰ ਸੈਕੰਡਰੀ ਸਕੂਲ ਸਰਾਭਾ ਨਗਰ ਵਿੱਚ ਦਾਖਲਾ ਲੈ ਲਿਆ। ਇਥੋਂ ਉਸ ਪਲੱਸ ਟੂ ਪਾਸ ਕਰਕੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿੱਚੋਂ ਉਚੇਰੀ ਸਿੱਖਿਆ ਲਈ ਦਾਖ਼ਲਾ ਲੈ ਲਿਆ। ਕਦੇ ਏਸੇ ਕਾਲਜ ਵਿੱਚ ਉਸ ਦੇ ਪਿਤਾ ਸ. ਰਾਜਵੰਤ ਸਿੰਘ ਗਰੇਵਾਲ ਵੀ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ ਸਮਕਾਲੀ ਸਾਂ। ਕਮਾਲ ਇਹ ਕਿ ਜਿਥੇ ਉਸ ਦੇ ਬਾਪ ਦੀ ਦੋਸਤੀ ਪੰਜਾਹ ਵਰੇ ਤੋਂ ਮੇਰੇ  ਨਾਲ ਨਿਭ ਰਹੀ ਹੈ।
ਜਗਦੇਵ ਤੇ ਦਲਜੀਤ ਦੋਹਾਂ ਵੀਰਾਂ ਨੇ ਆਪਣੇ ਬਾਪ ਦੇ ਕਾਰੋਬਾਰ ਤੋਂ ਵੱਖਰੀ ਕਿਸਮ ਦਾ ਮੈਰਿਜ ਪੈਲੇਸ ਕਾਰੋਬਾਰ ਰਿਵੇਰਾ ਰੀਜ਼ਾਰਟਸ ਨਾਮ ਹੇਠ ਵੀਹ ਕੁ ਸਾਲ ਪਹਿਲਾਂ ਆਰੰਭਿਆ ਤਾਂ ਇਸ ਵਿੱਚ ਹੱਥੀਂ ਕਿਰਤ ਕਰਕੇ ਇਸ ਦੀ ਉਸਾਰੀ ਕਰਵਾਈ। ਇਸ ਦੇ ਨਾਲ ਹੀ ਆਰਕੇਡੀਅਨ ਵਿਲਾ ਉਸਾਰ ਲਿਆ। ਜਿਹੜਾ ਕੰਮ ਲੇਬਰ ਨਾ ਕਰਦੀ ਉਸ ਨੂੰ ਇਹ ਦੋਵੇਂ ਭਰਾ ਖਿੜੇ ਮੱਥੇ ਕਰਕੇ ਆਨੰਦ ਲੈਂਦੇ।
ਰਿਵੇਰਾ ਦੇ ਅੰਦਰ ਹੀ ਜਗਦੇਵ ਨੇ ਰਿਵੇਰਾ ਨਾਮ ਦਾ ਕੈਨਲ ਵੀ ਸ਼ੁਰੂ ਕੀਤਾ ਜੋ ਹੁਣ ਤੀਕ ਕੌਮੀ ਪਛਾਣ ਬਣਾ ਚੁਕਾ ਹੈ।
ਉਸ ਨੂੰ ਘੋੜ ਸਵਾਰੀ ਦਾ ਵੀ ਸ਼ੌਕ ਸੀ। ਮਨਸੂਰਾਂ ਪਿੰਡ ਵਿੱਚ ਪਰਿਵਾਰ ਵੱਲੋਂ ਵਿਕਸਤ ਫਾਰਮ ਹਾਊਸ ਤੇ ਉਸ ਚੰਗੀ ਨਸਲ ਦੇ ਕੁੱਤੇ ਤੇ ਘੋੜੇ ਸ਼ੌਕ ਲਈ ਪਾਲੇ ਹੋਏ ਸਨ। ਉਹ ਵਪਾਰਕ ਬਿਰਤੀ ਵਾਲਾ ਬਿਲਕੁਲ ਨਹੀਂ ਸੀ ਸਗੋਂ ਸ਼ੌਕ ਦੇ ਘੋੜੇ ਪਾਲਦਾ ਸੀ। ਸ਼ੌਕ ਦੇ ਘੋੜੇ ਛੋਲੇ ਨਹੀਂ ਖਾਂਦੇ ਹੁੰਦੇ ਸਗੋਂ ਜਿਗਰ ਦਾ ਖ਼ੂਨ ਪੀਂਦੇ ਹਨ। ਉਹ ਸ਼ੌਕ ਦੇ ਘੋੜੇ ਪਾਲਦਾ ਹੀ ਸਾਨੂੰ ਆਖ਼ਰੀ ਫ਼ਤਹਿ ਬੁਲਾ ਗਿਆ।
ਡਾ. ਜਗਤਾਰ ਦੀ ਗ਼ਜ਼ਲ ਦਾ ਸ਼ਿਅਰ ਯਾਦ ਆ ਰਿਹੈ।

ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।

ਉਹ ਮਹਿਕਦਾ ਇਨਸਾਨ ਸੀ। ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਸਾਂਝੀ ਕੜੀ। ਉਸ ਦੀ ਮਾਂ ਨੇ ਭਾਵੇਂ ਉਸ ਸਮੇਤ ਦੋ ਹੀ ਪੁੱਤਰ ਜੰਮੇ ਪਰ ਚਾਚਿਆਂ ਦੀਆਂ ਧੀਆਂ ਤੇ ਪੁੱਤਰ ਵੀ ਉਸ ਦਾ ਵੱਡਾ ਕੁਟੰਭ ਸੀ। ਉਸ ਦਾ ਦਿਲ ਕਰਦਾ ਸੀ ਸਾਡਾ ਸਭ ਦਾ ਐਸਾ ਸਾਂਝਾ ਘਰ ਹੋਵੇ ਜਿਸ ਵਿੱਚ ਸਾਰਾ ਟੱਬਰ ਇਕੱਠਾ ਵੱਸੇ। ਇਸ ਦੀ ਉਹ ਯੋਜਨਾਕਾਰੀ ਵੀ ਕਰ ਰਿਹਾ ਸੀ।
ਜਗਦੇਵ ਸਿੰਘ ਗਰੇਵਾਲ ਦੀ ਸ਼ਾਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ. ਕਪੂਰ ਸਿੰਘ ਨਸਰਾਲੀ ਦੀ ਪੋਤਰੀ ਮਨਜੀਤ ਕੌਰ ਦੀ ਬੇਟੀ ਅਮਨ ਨਾਲ ਹੋਈ। ਅਮਨ ਦੇ ਪਿਤਾ ਜੀ ਸ. ਸੋਹਣ ਸਿੰਘ ਨਾਗਰਾ ਪਿੰਡ ਸੁਮੇਰਪੁਰ (ਬੰਬਨਗਰ ਚੌਰਾਹਾ) ਉੱਤਰ ਪ੍ਰਦੇਸ਼  ਦੇ ਅਗਾਂਹਵਧੂ ਕਿਸਾਨ ਤੇ ਕਾਰੋਬਾਰੀ ਹਨ। ਹੁਣ ਭਾਵੇਂ ਕੈਲੇਫੋਰਨੀਆ ਚ ਟਰਾਂਸਪੋਰਟ ਨਾਲ ਸਬੰਧ ਰੱਖਦੇ ਹਨ ਪਰ ਮੂਲ ਰੂਪ ਵਿੱਚ ਧਰਤੀ ਨਾਲ ਜੁੜੇ ਲੋਕ ਹਨ। ਸੋਹਣ ਸਿੰਘ ਨਾਗਰਾ ਤੇ ਮਨਜੀਤ  ਕੌਰ ਦੀ  ਲਾਡਲੀ ਧੀ ਅਮਨਪ੍ਰੀਤ ਕੌਰ ਸਾਰੇ ਪਰਿਵਾਰ ਦੀ ਆਗਿਆਕਾਰ ਤੇ ਮੁਹੱਬਤੀ ਧਿਰ ਹੈ। ਇਹ ਉਸ ਦੇ ਸੱਸ ਸਹੁਰੇ ਦਾ ਹੀ ਨਹੀਂ ਸਗੋਂ ਸਾਰੇ ਰਿਸ਼ਤੇਦਾਰੀ ਤਾਣੇ ਬਾਣੇ ਦਾ ਵੀ ਕਹਿਣਾ ਹੈ।
ਜਗਦੇਵ ਦੇ ਘਰ ਅਮਨਪ੍ਰੀਤ ਕੌਰ ਦੀ ਕੁੱਖੋਂ ਚੰਨ ਵਰਗੇ ਪੁੱਤਰ ਹਰਸ਼ਵੀਰ ਸਿੰਘ ਨੇ 3 ਜੂਨ 2002 ਨੂੰ ਜਨਮ ਲਿਆ। ਹੁਣ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ, ਵੈਨਕੁਵਰ ਵਿਖੇ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਹੈ। ਅੱਜ ਵੀ ਉਸ ਦੇ ਬਾਬਲ ਦੇ ਜਾਣ ਤੇ ਅੰਦਰ ਵੱਲ ਡਿੱਗਦੇ ਹੰਝੂਆਂ ਦਾ ਕੋਈ ਪਾਰਾਵਾਰ ਨਹੀਂ। ਸੱਸ ਮਨਜੀਤ ਕੌਰ ਤੇ ਸਰਮਹਾ ਸਾਹਿਬ ਸ. ਸੋਹਣ ਸਿੰਘ ਨਾਗਰਾ ਬੇਹੱਦ ਗਮਗੀਨ ਨੇ। 
ਪਿਤਾ ਰਾਜਵੰਤ ਸਿੰਘ ਆਪਣੇ ਦੋਵਾਂ ਪੁੱਤਰਾਂ ਜਗਦੇਵ ਸਿੰਘ ਤੇ ਦਲਜੀਤ ਸਿੰਘ ਵੱਡੇ ਕਾਰੋਬਾਰ ਵਿੱਚ ਸਮੇਂ ਦਾ ਹਾਣੀ ਬਣਾ ਕੇ ਵਿਚਰਨ ਦੀ ਜਾਚ ਸਿਖਾਈ ਜਿਸ ਦੇ ਚੱਲਦੇ “ਰਿਵੇਰਾ ਰਿਜ਼ੌਰਟਸ “ ਅਤੇ “ਆਰਕੇਡੀਅਨ ਵਿਲਾ ਰਿਜ਼ੋਰਟ “ਤੇ ਹੋਰਨਾਂ ਕੰਮਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਵਿੱਚ ਵਿਚਰਨ ਲੱਗੇ।
ਜਗਦੇਵ ਸਿੰਘ ਗਰੇਵਾਲ ਦਾ ਜਿੱਥੇ ਹਰ ਵਿਅਕਤੀ ਨਾਲ ਪਿਆਰ ਮੁਹੱਬਤ ਤੇ ਦੋਸਤੀ ਦਾ ਮਜਬੂਤ ਤਾਣਾ ਪੇਟਾ ਸੀ, ਉੱਥੇ ਪਾਲਤੂ ਜਾਨਵਰਾਂ ਨਾਲ ਵੀ ਸਮਾਂ ਬਿਤਾਉਣ ਦਾ ਨਿਵੇਕਲਾ ਸ਼ੌਕ ਸੀ।
ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਘੋੜੇ ਅਤੇ ਚੰਗੀ ਨਸਲ ਦੇ ਕੁੱਤੇ ਪਾਲੇ ਹੋਏ ਸਨ ਜਿਨ੍ਹਾਂ ਨੂੰ ਲੋਹੜੇ ਦਾ ਪਿਆਰ ਕਰਦਾ ਸੀ।
ਉਸ ਦਾ ਨਿੱਕਾ ਵੀਰ ਦਲਜੀਤ ਦੱਸ ਰਿਹਾ ਸੀ ਕਿ ਵੀਰੇ ਦੇ ਪ੍ਰਾਣ ਪੰਖੇਰੂ ਹੋਣ ਉਪਰੰਤ ਕੈਨਲ ਵਿੱਚ ਅੱਜ ਵੀ ਚੁੱਪ ਚਾਂ ਹੈ। ਘੋੜੇ ਵੀ ਨਹੀਂ ਹਿਣਕਦੇ। ਮੱਝਾਂ ਵੀ ਨਹੀਂ ਰੰਭਦੀਆਂ, ਕੁੱਤੇ ਵੀ ਨਹੀਂ ਭੌਂਕਦੇ। ਕੰਡ ਤੇ ਹਰ ਰੋਜ਼ ਹੱਥ ਫੇਰਨ ਵਾਲੇ ਜਗਦੇਵ ਨੂੰ ਉਡੀਕਦੇ ਹਨ।
ਇਸ ਰੰਗਲੇ ਬਾਪ ਨੇ ਜਿੱਥੇ ਆਪਣੇ ਪੁੱਤਰ ਹਰਸ਼ਵੀਰ ਸਿੰਘ ਨੂੰ ਲਾਡ ਪਿਆਰ ਤੇ ਜ਼ਿੰਦਗੀ ਵਿੱਚ ਉੱਭਰਨ ਲਈ ਹੱਲਾਸ਼ੇਰੀ ਦਿੱਤੀ, ਉੱਥੇ ਆਪਣੇ ਭਤੀਜੇ ਸ.ਬਲਜੋਤ ਸਿੰਘ, ਤੇਜਵੀਰ ਸਿੰਘ ਨੂੰ ਆਪਣੇ ਪੁੱਤਰਾਂ ਵਾਂਗ ਸਮੇਂ ਦੀ ਜਾਚ ਸਿਖਾਈ ਤੇ ਘੋੜ ਸਵਾਰੀ, ਗੱਡੀਆਂ ਦੀ ਸਵਾਰੀ ਸਿਖਾਉਣ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਸ਼ੌਕ ਪੂਰੇ ਕੀਤੇ। ਆਖਰ ਬੀਮਾਰੀ  ਨੇ ਪਿਛਲੇ ਸਾਲ ਇਸ ਰੰਗਲੇ ਸੱਜਣ ਨੂੰ ਐਸਾ ਘੇਰਾ ਪਾਇਆ ਕਿ ਮੌਤ ਜਿੱਤ ਗਈ ਤੇ ਜ਼ਿੰਦਗੀ ਹਾਰ ਗਈ।
ਪ੍ਰੋ. ਮੋਹਨ ਸਿੰਘ ਦੇ ਲਿਖੇ ਬੋਲ ਯਾਦ  ਆ ਰਹੇ ਨੇ।

ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਘਰ ਬੈਠੀ ਇੱਕ ਸਦੀ ਦਾ ਹਾਣ ਬਜ਼ੁਰਗ ਦਾਦੀ ਗੁਰਦੇਵ ਕੌਰ,ਪਿਤਾ ਰਾਜਵੰਤ ਸਿੰਘ, ਮਾਂ ਸੁਖਜਿੰਦਰ ਕੌਰ ਤੇ ਸਮੁੱਚੇ ਗਰੇਵਾਲ ਪਰਿਵਾਰ ਅਤੇ ਆਪਣੀ ਜੀਵਨ ਸਾਥਣ ਤੇ ਸਮੁੱਚੇ ਗਰੇਵਾਲ ਨੂੰ ਰੋਂਦੇ ਕੁਰਲਾਉਂਦੇ ਜਗਦੇਵ ਛੱਡ ਗਿਆ।
ਸੋ ਆਓ ਉਸ ਰੰਗਲੇ ਸੱਜਣ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ 29 ਦਸੰਬਰ ਸਵੇਰੇ 11.00 ਵਜੇ ਤੋਂ 12.00 ਵਜੇ ਤੀਕ ਅਰਦਾਸ ਵਿੱਚ ਪੁੱਜ ਕੇ ਆਪਾਂ ਵੀ ਸ਼ਰਧਾ ਦੇ ਫੁੱਲ ਭੇਟ ਕਰਕੇ ਉਸ ਰੰਗਲੇ ਸੱਜਣ ਨੂੰ ਸ਼ਰਧਾਂਜਲੀ ਭੇਟ ਕਰੀਏ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਰ ਬਲਬੀਰ ਸਿੰਘ  ਇਸ ਮੌਕੇ ਵੈਰਾਗਮਈ ਕੀਰਤਨ ਕਰਕੇ ਗੁਰਬਾਣੀ ਦਾ ਉਪਦੇਸ਼ ਸੁਣਾਉਣਗੇ। 
🟦

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.