IMG-LOGO
ਹੋਮ ਪੰਜਾਬ: 'ਆਪ' ਮੰਤਰੀਆਂ ਅਤੇ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ...

'ਆਪ' ਮੰਤਰੀਆਂ ਅਤੇ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਉਨ੍ਹਾਂ ਦੀ ਵਿਗੜਦੀ ਸਿਹਤ 'ਤੇ ਜਤਾਈ ਚਿੰਤਾ

Admin User - Dec 25, 2024 09:26 PM
IMG

ਜਗਜੀਤ ਸਿੰਘ ਡੱਲੇਵਾਲ ਪੰਜਾਬ ਅਤੇ ਕਿਸਾਨਾਂ ਲਈ ਲੜ ਰਹੇ ਹਨ, ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟੋ ਘੱਟ ਡਾਕਟਰੀ ਹੜਤਾਲ ਖਤਮ ਕਰਨ ਅਤੇ ਡਰਿੱਪ ਰਾਹੀਂ ਭੋਜਨ ਲੈਣ: ਅਮਨ ਅਰੋੜਾ

ਚੰਡੀਗੜ੍ਹ, 25 ਦਸੰਬਰ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਅੱਜ ਖਨੌਰੀ ਬਾਰਡਰ ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਿਆ। ਉਨ੍ਹਾਂ ਦੀ ਵਿਗੜਦੀ ਸਿਹਤ 'ਤੇ ਚਿੰਤਾ ਪ੍ਰਗਟ ਕਰਦਿਆਂ 'ਆਪ' ਆਗੂਆਂ ਨੇ ਉਨ੍ਹਾਂ ਨੂੰ ਡਾਕਟਰੀ ਇਲਾਜ ਰਾਹੀਂ ਭੋਜਨ ਲੈਣ ਦੀ ਅਪੀਲ ਕੀਤੀ।

ਵਫ਼ਦ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੁਲਦੀਪ ਸਿੰਘ ਧਾਲੀਵਾਲ, ਤਰੁਨਪ੍ਰੀਤ ਸਿੰਘ ਸੌਂਧ, ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਗੋਇਲ, ਲਾਲਜੀਤ ਸਿੰਘ ਭੁੱਲਰ ਸਮੇਤ ਗੁਰਦਿੱਤ ਸਿੰਘ ਸੇਖੋਂ ਅਤੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਸ਼ਾਮਿਲ ਸਨ

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਡੱਲੇਵਾਲ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਸ਼ੁਰੂ ਕੀਤੀ ਇਸ ਲੜਾਈ ਦਾ ਪੂਰਾ ਸਮਰਥਨ ਕਰਦੀ ਹੈ।  ਅਰੋੜਾ ਨੇ ਕਿਹਾ, "ਜਗਜੀਤ ਸਿੰਘ ਡੱਲੇਵਾਲ ਇਸ ਅੰਦੋਲਨ ਦੀ ਪ੍ਰੇਰਣਾ ਸ਼ਕਤੀ ਹਨ। ਉਨ੍ਹਾਂ ਦਾ ਸੰਘਰਸ਼ ਜਾਇਜ਼ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹੇ ਹਾਂ। ਹਾਲਾਂਕਿ, ਅਸੀਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਘੱਟੋ-ਘੱਟ ਡਾਕਟਰੀ ਇਲਾਜ ਕਰਵਾਉਣ।" ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਪੰਜਾਬ ਦੇ ਕਿਸਾਨ ਇਸ ਲੜਾਈ ਨੂੰ ਇਕੱਲੇ ਨਹੀਂ ਲੜਨਗੇ।

ਅਰੋੜਾ ਨੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਣਗਹਿਲੀ ਅਤੇ ਝੂਠੇ ਵਾਅਦਿਆਂ ਨੇ ਕਿਸਾਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਇਹ ਅਸਵੀਕਾਰਨਯੋਗ ਹੈ। ਕੇਂਦਰ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਮੋਦੀ ਸਰਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਅਤੇ ਸਾਡੇ ਕਿਸਾਨਾਂ ਦੇ ਉਠਾਏ ਮੁੱਦਿਆਂ ਨੂੰ ਲਗਾਤਾਰ ਨਜਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਬਿਨਾਂ ਕਿਸੇ ਦੇਰੀ ਦੇ ਮੰਨੀਆਂ ਜਾਣੀਆਂ ਚਾਹੀਦੀਆਂ ਹਨ।

'ਆਪ' ਆਗੂ ਨੇ ਕਿਹਾ, ''ਜੇਕਰ ਲੋੜ ਪਈ ਤਾਂ ਅਸੀਂ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਅਤੇ ਹੱਲ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਤਿਆਰ ਹਾਂ ਪਰ ਫਿਰ ਇਹ ਸਭ ਕੇਂਦਰ ਸਰਕਾਰ ਨਾਲ ਸਬੰਧਤ ਹੈ।  ਕੇਂਦਰ ਸਰਕਾਰ ਨਾਲ ਇਹ ਸੰਘਰਸ਼ ਲੰਮਾ ਹੋ ਸਕਦਾ ਹੈ, ਪਰ ਪੰਜਾਬ ਸਰਕਾਰ ਇਨਸਾਫ਼ ਮਿਲਣ ਤੱਕ ਸਾਡੇ ਕਿਸਾਨਾਂ ਨਾਲ ਖੜ੍ਹਨ ਲਈ ਦ੍ਰਿੜ੍ਹ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖਨੌਰੀ ਬਾਰਡਰ 'ਤੇ ਬੋਲਦਿਆਂ ਕਿਹਾ ਕਿ  ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਇਸ ਲੜਾਈ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ। ਇਸ ਅੰਦੋਲਨ ਦਾ ਸਮਰਥਨ ਕਰਨ ਲਈ, ਅਸੀਂ ਬਾਰਡਰ ਅਤੇ ਨੇੜਲੇ ਹਸਪਤਾਲਾਂ ਵਿੱਚ ਡਾਕਟਰੀ ਸੇਵਾਵਾਂ ਸਥਾਪਤ ਕੀਤੀਆਂ ਹਨ। ਮੇਰੀ ਟੀਮ ਸਥਿਤੀ ਦੀ ਨਿਗਰਾਨੀ ਕਰਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਰੋਜ਼ਾਨਾ ਸਾਈਟ ਦਾ ਦੌਰਾ ਕਰ ਰਹੀ ਹੈ।

ਬਲਬੀਰ ਸਿੰਘ ਨੇ ਡੱਲੇਵਾਲ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਡਾਕਟਰੀ ਦਖਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ, ਉਨ੍ਹਾਂ ਦੇ ਗੁਰਦੇ ਅਤੇ ਜਿਗਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ। ਸਾਨੂੰ ਉਨ੍ਹਾਂ ਨੂੰ ਇੱਥੇ ਲੋੜੀਂਦਾ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਸਹਿਮਤੀ ਦੀ ਲੋੜ ਹੈ, ਤਾਂ ਜੋ ਉਹ ਸਿਹਤਮੰਦ ਰਹਿੰਦਿਆਂ ਕਿਸਾਨਾਂ ਲਈ ਆਪਣੀ ਇਸ ਲੜਾਈ ਨੂੰ ਜਾਰੀ ਰੱਖ ਸਕਣ।

ਬਲਬੀਰ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਆਪਣੇ ਵਿਭਾਗ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।  ਉਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸਥਿਤੀ ਪ੍ਰਤੀ ਚਿੰਤਤ ਹੈ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਸਰਗਰਮ ਹੈ।  ਉਨ੍ਹਾਂ ਕਿਹਾ ਕਿ ਅਸੀਂ ਇਸ ਸੰਘਰਸ਼ ਵਿੱਚ ਡੱਲੇਵਾਲ ਅਤੇ ਹੋਰ ਕਿਸਾਨਾਂ ਦਾ ਸਾਥ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਾਡੀ ਸਰਕਾਰ ਉਨ੍ਹਾਂ ਦੀ ਸਿਹਤ ਅਤੇ ਹੱਕਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.