ਤਾਜਾ ਖਬਰਾਂ
.
ਲਹਿਰਾਗਾਗਾ, 20 ਦਸੰਬਰ : ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਜੋਰਾਵਰ ਸਿੰਘ, ਫਤਿਹ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਲਾਸਾਨੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਧਾਰਮਿਕ ਕੀਰਤਨ-ਦਰਬਾਰ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਗਾਗਾ ਤੋੰ ਆਏ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਮਨਜੀਤ ਸਿੰਘ ਅਤੇ ਭਾਈ ਜਗਤਾਰ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਦਿਆਂ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ, ਸਾਨੂੰ ਵੀ ਉਹਨਾਂ ਦੇ ਦਰਸਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵੀ ਦਿਨ ਅਸੀਂ ਮਨਾਉਂਦੇ ਹਾਂ, ਸਾਨੂੰ ਉਹਨਾਂ ਦੀ ਇਤਿਹਾਸਿਕ ਮਹੱਤਤਾ ਬਾਰੇ ਜਰੂਰ ਪੜ੍ਹਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਕੂਲ ਵਿਦਿਆਰਥੀਆਂ ਨੇ ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਵਾਟਾਂ ਲੰਮੀਆਂ ਰਸਤਾ ਪਹਾੜ ਦਾ, ਮਾਂ ਗੁਜ਼ਰੀ ਕਰਮਾਂ ਵਾਲੀ ਏ, ਖੇਡਣ ਦੀਆਂ ਉਮਰਾਂ ਸੀ ਅਤੇ ਸਾਕਾ ਸਰਹਿੰਦ ਬਾਰੇ ਧਾਰਮਿਕ ਗੀਤ ਅਤੇ ਸ਼ਬਦ ਗਾਇਨ ਕੀਤੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ‘ਚ ਕੁਰਬਾਨੀ ਦੀ ਅਜਿਹੀ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਰੂਪ ‘ਚ ਜ਼ਿੰਦਗੀ ‘ਚ ਢਾਲਣਾ ਚਾਹੀਦਾ ਹੈ। ਤਾਰੀ ਗਾਗਾ ਅਤੇ ਭੁਪਿੰਦਰਪਾਲ ਸ਼ਰਮਾ ਨੇ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਮੰਚ ਸੰਚਾਲਨ ਰਜਨੀ ਅਗਰਵਾਲ ਨੇ ਕੀਤਾ।
Get all latest content delivered to your email a few times a month.