ਤਾਜਾ ਖਬਰਾਂ
.
ਕਪੂਰਥਲਾ, 18 ਦਸੰਬਰ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਅੱਜ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ ਗਿਆ। ਕਟਾਰੀਆ ਦੇ ਨਾਲ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ ਵੀ ਨਾਲ ਸਨ। ਕਪੂਰਥਲਾ ਵਿਖੇ ਪੁੱਜਣ ’ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਐਸ.ਐਸ.ਪੀ. ਗੌਰਵ ਤੂਰਾ ਵਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ।
ਸਾਇੰਸ ਸਿਟੀ ਦੇ ਦੌਰੇ ਦੌਰਾਨ ਕਟਾਰੀਆ ਵਲੋਂ ਈਕੋ ਸ਼ੋਅ, ਥ੍ਰੀ ਡੀ ਸ਼ੋਅ, ਲਾਇਫ ਥਰੂ ਏਜਜ਼ ਸ਼ੋਅ ਵੇਖੇ ਗਏ। ਇਸ ਮੌਕੇ ਕਟਾਰੀਆ ਨੇ ਸਾਇੰਸ ਸਿਟੀ ਵਲੋਂ ਸਮਾਜ ਵਿਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਹੋਰ ਸੰਸਥਾਵਾਂ ਦੀ ਸਥਾਪਨਾ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 20 ਸਾਲ ਦੌਰਾਨ ਇਸ ਸੰਸਥਾ ਵਲੋਂ ਜਿਸ ਤਰੀਕੇ ਨਾਲ ਧਰਤੀ, ਬ੍ਰਹਿਮੰਡ ਅਤੇ ਹੋਰ ਕੁਦਰਤੀ ਰਹੱਸਾਂ ਤੋਂ ਪਰਦਾ ਚੁੱਕਿਆ ਗਿਆ ਹੈ, ਉਸ ਨੇ ਮਨੁੱਖ ਲਈ ਕੁਦਰਤ ਨੂੰ ਨੇੜਿਓਂ ਜਾਣਨ ਦਾ ਰਾਹ ਖੋਲ੍ਹਿਆ ਹੈ।
ਉਨ੍ਹਾਂ ਸਾਇੰਸ ਸਿਟੀ ਵਿਖੇ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਦੌਰੇ ਯਕੀਨੀ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਸਾਇੰਸ ਸਿਟੀ ਰਾਹੀਂ ਭਾਰਤ ਦੇ ਵੱਕਾਰੀ ਪੁਲਾੜ ਪ੍ਰਾਜੈੱਕਟ ਜਿਵੇਂ ਕਿ ਚੰਦਰਯਾਨ, ਗਗਨਯਾਨ ਬਾਰੇ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ.ਮੁਨੀਸ਼ ਕੁਮਾਰ ,ਆਈ.ਐਫ.ਐਸ. ਨੇ ਰਾਜਪਾਲ ਨੂੰ ਸਾਇੰਸ ਸਿਟੀ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਕਟਾਰੀਆ ਵਲੋਂ ਸ਼ੈੱਲ ਡਵੀਜ਼ਨ ਵਿਖੇ ਰੇਲ ਡੱਬਿਆਂ ਦੇ ਨਿਰਮਾਣ ਦੀ ਵਿਧੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਸ਼ੀਟ ਮੈਟਲ ਸ਼ੌਪ ਵਿਖੇ ਰੇਲ ਕੋਚ ਫੈਕਟਰੀ ਦੇ ਇੰਜੀਨੀਅਰਾਂ ਅਤੇ ਹੋਰਨਾਂ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਰੇਲ ਕੋਚ ਫੈਕਟਰੀ ਵਲੋਂ ਦੇਸ਼ ਦੇ ਨਿਰਮਾਣ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਵਿਖੇ ਰੈੱਸਟ ਹਾਊਸ ਵਿਖੇ ਪੁੱਜਣ ’ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਕਟਾਰੀਆ ਨੂੰ ਗਾਰਡ ਆਫ ਆਨ ਦਿੱਤਾ ਗਿਆ। ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਐਸ.ਐਸ.ਮਿਸ਼ਰਾ ਵਲੋਂ ਰਾਜਪਾਲ ਜੀ ਨੂੰ ਰੇਲ ਕੋਚ ਫੈਕਟਰੀ ਵਲੋਂ ਰੇਲ ਡੱਬਿਆਂ ਦੇ ਉਤਪਾਦਨ ਅਤੇ ਦੂਜੇ ਦੇਸ਼ਾਂ ਨੂੰ ਰੇਲ ਡੱਬੇ ਸਪਲਾਈ ਕਰਨ ਬਾਰੇ ਜਾਣੂੰ ਕਰਵਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਐਸ.ਪੀ. ਸਰਬਜੀਤ ਰਾਏ, ਐਸ.ਪੀ. ਗੁਰਪ੍ਰੀਤ ਸਿੰਘ, ਐਸ.ਡੀ.ਐਮ. ਮੇਜਰ ਇਰਵਿਨ ਕੌਰ, ਸਹਾਇਕ ਕਮਿਸ਼ਨਰ ਕਪਿਲ ਜਿੰਦਲ ਹਾਜ਼ਰ ਸਨ।
Get all latest content delivered to your email a few times a month.